ਤਾਜਾ ਖਬਰਾਂ
ਮੋਗਾ ਸ਼ਹਿਰ ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਕੋਟਕਪੂਰਾ ਬਾਈਪਾਸ ਨੇੜੇ ਵਿਸ਼ਵਕਰਮਾ ਚੌਕ ਕੋਲ ਸੜਕ ਦੇ ਵਿਚਕਾਰ ਉੱਚੇ ਪਏ ਸੀਵਰੇਜ ਮੈਨਹੋਲ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਮਹਿਲਾ ਅਤੇ ਉਸ ਦੇ 7 ਮਹੀਨੇ ਦੇ ਮਾਸੂਮ ਪੁੱਤਰ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨੇ ਨਾ ਸਿਰਫ਼ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ, ਸਗੋਂ ਸਥਾਨਕ ਲੋਕਾਂ ਵਿੱਚ ਵੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਪ੍ਰਤੀ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ।
ਮ੍ਰਿਤਕ ਮਹਿਲਾ ਦੀ ਪਛਾਣ ਜਿਓਤੀ ਵਜੋਂ ਹੋਈ ਹੈ, ਜੋ ਆਪਣੇ ਪਤੀ ਲਖਬੀਰ ਸਿੰਘ ਅਤੇ 7 ਮਹੀਨੇ ਦੇ ਪੁੱਤਰ ਮਨਵੀਰ ਸਿੰਘ ਨਾਲ ਮੋਟਰਸਾਈਕਲ ‘ਤੇ ਮੋਗਾ ਦਵਾਈ ਲੈਣ ਲਈ ਆ ਰਹੀ ਸੀ। ਜਿਓਤੀ ਦੀ ਸਿਹਤ ਖ਼ਰਾਬ ਹੋਣ ਕਾਰਨ ਪਰਿਵਾਰ ਹਸਪਤਾਲ ਦਾ ਰੁਖ ਕਰ ਰਿਹਾ ਸੀ। ਜਦੋਂ ਉਹ ਵਿਸ਼ਵਕਰਮਾ ਚੌਕ ਨੇੜੇ ਪਹੁੰਚੇ ਤਾਂ ਸੜਕ ਦੇ ਪੱਧਰ ਤੋਂ ਉੱਚੇ ਬਣੇ ਸੀਵਰੇਜ ਮੈਨਹੋਲ ਨਾਲ ਮੋਟਰਸਾਈਕਲ ਟਕਰਾ ਗਿਆ, ਜਿਸ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ‘ਤੇ ਪਿੱਛੇ ਬੈਠੀ ਜਿਓਤੀ ਅਤੇ ਉਸ ਦੀ ਗੋਦ ਵਿੱਚ ਬੈਠਾ ਮਾਸੂਮ ਮਨਵੀਰ ਸੜਕ ‘ਤੇ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਦੋਵਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਜਿਓਤੀ ਨੂੰ ਨਾਜ਼ੁਕ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ, ਪਰ ਉਹ ਵੀ ਜ਼ਿੰਦਗੀ ਦੀ ਜੰਗ ਹਾਰ ਗਈ। ਇਸ ਹਾਦਸੇ ਮਗਰੋਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਪੀੜਤ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਇਸ ਘਟਨਾ ਲਈ ਸਿੱਧੇ ਤੌਰ ‘ਤੇ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੈਨਹੋਲ ਲੰਮੇ ਸਮੇਂ ਤੋਂ ਖ਼ਤਰੇ ਦਾ ਕਾਰਨ ਬਣਿਆ ਹੋਇਆ ਸੀ ਅਤੇ ਇਸ ਬਾਰੇ ਕਈ ਵਾਰ ਸਬੰਧਤ ਵਿਭਾਗਾਂ ਨੂੰ ਜਾਣੂ ਵੀ ਕਰਵਾਇਆ ਗਿਆ ਸੀ। ਲੋਕਾਂ ਦਾ ਦਾਅਵਾ ਹੈ ਕਿ ਇਸੇ ਥਾਂ ‘ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੁਝ ਲੋਕ ਆਪਣੀਆਂ ਜਾਨਾਂ ਗੁਆ ਬੈਠੇ ਸਨ, ਪਰ ਇਸ ਦੇ ਬਾਵਜੂਦ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ।
ਘਟਨਾ ਤੋਂ ਬਾਅਦ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਮਾਮਲੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਸਮੇਤ ਪੁਲਿਸ ਵਿਭਾਗ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਵਿਭਾਗ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.