ਤਾਜਾ ਖਬਰਾਂ
ਦੁਨੀਆ ਦੀ ਸਭ ਤੋਂ ਚਰਚਿਤ ਕ੍ਰਿਕਟ ਲੀਗ ਆਈ.ਪੀ.ਐੱਲ. (IPL) ਦਾ ਗ੍ਰੈਂਡ ਫਿਨਾਲੇ ਅੱਜ ਅਹਿਮਦਾਬਾਦ ਦੇ ਇਤਿਹਾਸਕ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਵਾਰ ਖ਼ਿਤਾਬੀ ਭਿੜੰਤ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਘਰੇਲੂ ਟੀਮ ਗੁਜਰਾਤ ਟਾਈਟਨਜ਼ (GT) ਵਿਚਕਾਰ ਹੋਣ ਜਾ ਰਹੀ ਹੈ। ਇਹ ਹਾਈ-ਵੋਲਟੇਜ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਦੋਵਾਂ ਟੀਮਾਂ ਦੇ ਕਪਤਾਨਾਂ ਵਿਚਾਲੇ ਟਾਸ ਸ਼ਾਮ 7:00 ਵਜੇ ਹੋਵੇਗਾ।
ਦੋਵਾਂ ਹੀ ਟੀਮਾਂ ਨੇ ਆਈ.ਪੀ.ਐੱਲ. ਦੇ ਇਤਿਹਾਸ ਵਿੱਚ ਹੁਣ ਤੱਕ ਇੱਕ-ਇੱਕ ਵਾਰ ਟਰਾਫੀ 'ਤੇ ਕਬਜ਼ਾ ਕੀਤਾ ਹੈ। ਅਜਿਹੇ ਵਿੱਚ ਆਰ.ਸੀ.ਬੀ. ਦੇ ਕਪਤਾਨ ਰਜਤ ਪਾਟੀਦਾਰ ਆਪਣੀ ਬਾਦਸ਼ਾਹਤ ਬਰਕਰਾਰ ਰੱਖਣਾ ਚਾਹੁਣਗੇ, ਜਦੋਂ ਕਿ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਆਪਣੀ ਟੀਮ ਨੂੰ ਦੂਜੀ ਵਾਰ ਚੈਂਪੀਅਨ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੇ।
ਜ਼ਿਕਰਯੋਗ ਹੈ ਕਿ ਆਰ.ਸੀ.ਬੀ. ਨੇ ਧਰਮਸ਼ਾਲਾ ਵਿਖੇ ਖੇਡੇ ਗਏ ਕੁਆਲੀਫਾਇਰ-1 ਮੁਕਾਬਲੇ ਵਿੱਚ ਗੁਜਰਾਤ ਨੂੰ ਹਰਾ ਕੇ ਸਿੱਧਾ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਦੂਜੇ ਪਾਸੇ, ਗੁਜਰਾਤ ਟਾਈਟਨਜ਼ ਨੇ ਸ਼ਾਨਦਾਰ ਵਾਪਸੀ ਕਰਦਿਆਂ ਕੁਆਲੀਫਾਇਰ-2 ਵਿੱਚ ਰਾਜਸਥਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਫਾਈਨਲ ਦਾ ਟਿਕਟ ਕਟਵਾਇਆ। ਦੋਵੇਂ ਟੀਮਾਂ ਇਸ ਵੇਲੇ ਸ਼ਾਨਦਾਰ ਫਾਰਮ ਵਿੱਚ ਹਨ, ਜਿਸ ਕਾਰਨ ਮੁਕਾਬਲਾ ਬੇਹੱਦ ਫਸਵਾਂ ਹੋਣ ਦੀ ਉਮੀਦ ਹੈ।
ਇਹ ਫਾਈਨਲ ਮੈਚ ਸਟੇਡੀਅਮ ਦੀ ਪਿੱਚ ਨੰਬਰ 6 'ਤੇ ਖੇਡਿਆ ਜਾਣਾ ਹੈ। ਸਾਲ 2025 ਤੋਂ ਬਾਅਦ ਦੇ ਅੰਕੜਿਆਂ ਮੁਤਾਬਕ, ਇਸ ਮੈਦਾਨ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 203 ਰਨ (16 ਮੈਚਾਂ ਵਿੱਚ) ਰਿਹਾ ਹੈ। ਇਨ੍ਹਾਂ 16 ਮੁਕਾਬਲਿਆਂ ਵਿੱਚੋਂ 11 ਵਾਰ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਹਿੱਸੇ ਆਈ ਹੈ। ਇੱਥੇ ਜਿੱਤ ਦਰਜ ਕਰਨ ਵਾਲੀ ਟੀਮ ਦਾ ਪਹਿਲੀ ਪਾਰੀ ਦਾ ਔਸਤ ਸਕੋਰ 213 ਤੱਕ ਪਹੁੰਚ ਜਾਂਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਹਾਈ-ਸਕੋਰਿੰਗ ਮੈਚ ਦੇਖਣ ਨੂੰ ਮਿਲ ਸਕਦਾ ਹੈ।
ਜੇਕਰ ਦੋਵਾਂ ਟੀਮਾਂ ਦੇ ਆਪਸੀ ਰਿਕਾਰਡ (Head-to-Head) ਦੀ ਗੱਲ ਕਰੀਏ, ਤਾਂ ਆਈ.ਪੀ.ਐੱਲ. ਵਿੱਚ ਦੋਵੇਂ ਟੀਮਾਂ 9 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਨ੍ਹਾਂ ਵਿੱਚੋਂ 5 ਵਾਰ ਬੈਂਗਲੁਰੂ ਅਤੇ 4 ਵਾਰ ਗੁਜਰਾਤ ਨੇ ਜਿੱਤ ਦਰਜ ਕੀਤੀ ਹੈ। ਇਸ ਮੌਜੂਦਾ ਸੀਜ਼ਨ ਵਿੱਚ ਵੀ ਦੋਵਾਂ ਵਿਚਾਲੇ 3 ਮੈਚ ਹੋਏ ਹਨ, ਜਿਸ ਵਿੱਚ ਆਰ.ਸੀ.ਬੀ. 2-1 ਨਾਲ ਅੱਗੇ ਚੱਲ ਰਹੀ ਹੈ।
ਰਾਇਲ ਚੈਲੇਂਜਰਜ਼ ਬੰਗਲੌਰ (RCB): ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਡੀਕਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਰਸਿਕ ਸਲਾਮ ਡਾਰ, ਜੈਕਬ ਡਫੀ, ਰੋਮੀਓ ਸ਼ੈਫਰਡ।
ਗੁਜਰਾਤ ਟਾਈਟਨਜ਼ (GT): ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਨਿਸ਼ਾਂਤ ਸਿੰਧੂ, ਵਾਸ਼ਿੰਗਟਨ ਸੁੰਦਰ, ਜੇਸਨ ਹੋਲਡਰ, ਰਾਸ਼ਿਦ ਖਾਨ, ਰਾਹੁਲ ਤਿਵਾਤੀਆ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ, ਅਰਸ਼ਦ ਖਾਨ/ਆਰ ਸਾਈ ਕਿਸ਼ੋਰ।
Get all latest content delivered to your email a few times a month.