ਤਾਜਾ ਖਬਰਾਂ
ਪ੍ਰਸ਼ਾਸਨਿਕ ਲਾਪਰਵਾਹੀ ਅਤੇ ਸੜਕਾਂ ਦੇ ਮਾੜੇ ਰੱਖ-ਰਖਾਅ ਕਾਰਨ ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਦੇ ਵਿਚਕਾਰ ਬਣੇ ਸੀਵਰੇਜ ਦੇ ਉੱਚੇ ਢੱਕਣ (ਮੈਨਹੋਲ) ਕਾਰਨ ਇੱਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਮਹਿਲਾ ਅਤੇ ਉਸ ਦੇ 6 ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੰਦ ਨਵਾਂ ਦਾ ਰਹਿਣ ਵਾਲਾ ਲਖਬੀਰ ਸਿੰਘ ਆਪਣੀ ਪਤਨੀ ਜੋਤੀ ਅਤੇ ਬੱਚਿਆਂ ਨਾਲ ਕਿਸੇ ਘਰੇਲੂ ਕੰਮ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੋਗਾ ਵੱਲ ਆ ਰਿਹਾ ਸੀ। ਜਦੋਂ ਉਹ ਕੋਟਕਪੂਰਾ ਬਾਈਪਾਸ ਸਥਿਤ ਵਿਸ਼ਵਕਰਮਾ ਚੌਂਕ ਨੇੜੇ ਪਹੁੰਚੇ, ਤਾਂ ਸੜਕ ਦੇ ਵਿਚਕਾਰ ਬਣਿਆ ਸੀਵਰੇਜ ਦਾ ਢੱਕਣ ਸੜਕ ਦੇ ਪੱਧਰ ਤੋਂ ਕਾਫ਼ੀ ਉੱਚਾ ਹੋਣ ਕਾਰਨ ਮੋਟਰਸਾਈਕਲ ਉਸ ਨਾਲ ਟਕਰਾ ਕੇ ਅਚਾਨਕ ਅਨਿਯੰਤਰਿਤ ਹੋ ਗਿਆ।
ਝਟਕਾ ਜ਼ੋਰਦਾਰ ਹੋਣ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੀ ਜੋਤੀ ਅਤੇ ਉਸ ਦੀ ਗੋਦ ਵਿੱਚ ਮੌਜੂਦ 6 ਮਹੀਨੇ ਦਾ ਮਾਸੂਮ ਬੱਚਾ ਮਨਵੀਰ ਸਿੰਘ ਸੜਕ 'ਤੇ ਜਾ ਡਿੱਗੇ ਅਤੇ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਦੋਵਾਂ ਜ਼ਖ਼ਮੀਆਂ ਨੂੰ ਇੱਕ ਨਿੱਜੀ ਗੱਡੀ ਰਾਹੀਂ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਹਸਪਤਾਲ ਦੇ ਡਿਊਟੀ ਸਟਾਫ਼ ਨੇ ਜਾਂਚ ਤੋਂ ਬਾਅਦ 6 ਮਹੀਨੇ ਦੇ ਮਾਸੂਮ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਮਹਿਲਾ ਜੋਤੀ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਅੱਗੇ ਰੈਫ਼ਰ ਕੀਤਾ ਗਿਆ ਸੀ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।
ਇਸ ਮੰਦਭਾਗੀ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਵੱਲੋਂ ਸੜਕਾਂ ਦੀ ਇਸ ਮਾੜੀ ਹਾਲਤ ਅਤੇ ਪ੍ਰਸ਼ਾਸਨਿਕ ਅਣਗਹਿਲੀ ਖਿਲਾਫ਼ ਸਖ਼ਤ ਰੋਸ ਜਤਾਇਆ ਜਾ ਰਿਹਾ ਹੈ।
Get all latest content delivered to your email a few times a month.