IMG-LOGO
ਹੋਮ ਪੰਜਾਬ: ਰੀਅਲ ਅਸਟੇਟ ਜਗਤ ‘ਚ ਹੜਕੰਪ: ਕਰੋੜਾਂ ਦੇ ਜ਼ਮੀਨ ਘੁਟਾਲੇ ‘ਚ...

ਰੀਅਲ ਅਸਟੇਟ ਜਗਤ ‘ਚ ਹੜਕੰਪ: ਕਰੋੜਾਂ ਦੇ ਜ਼ਮੀਨ ਘੁਟਾਲੇ ‘ਚ ਰੋਇਲ ਐਸਟੇਟ ਗਰੁੱਪ ਦੇ ਪ੍ਰਮੋਟਰ ਪ੍ਰਵੀਨ ਤੇ ਨੀਰਜ ਕੰਸਲ ਦਿੱਲੀਓਂ ਗ੍ਰਿਫ਼ਤਾਰ

Admin User - May 30, 2026 12:44 PM
IMG

ਪੰਜਾਬ ਅਤੇ ਟ੍ਰਾਈਸਿਟੀ ਦੇ ਰੀਅਲ ਅਸਟੇਟ ਖੇਤਰ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਾਮਵਰ ਰੀਅਲ ਅਸਟੇਟ ਗਰੁੱਪ ਦੇ ਪ੍ਰਮੋਟਰਾਂ—ਪ੍ਰਵੀਨ ਕੰਸਲ ਅਤੇ ਨੀਰਜ ਕੰਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀ ਕਰੋੜਾਂ ਰੁਪਏ ਦੇ ਕਥਿਤ ਜ਼ਮੀਨ ਘੁਟਾਲੇ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਅਤੇ ਸ਼ੱਕੀ ਵਿੱਤੀ ਲੈਣ-ਦੇਣ (ਮਨੀ ਲਾਂਡਰਿੰਗ) ਦੇ ਮਾਮਲੇ ਵਿੱਚ ਕੀਤੀ ਗਈ ਹੈ।


ਇਸ ਹਾਈ-ਪ੍ਰੋਫਾਈਲ ਗ੍ਰਿਫ਼ਤਾਰੀ ਤੋਂ ਪਹਿਲਾਂ ਈਡੀ ਦੀਆਂ ਟੀਮਾਂ ਵੱਲੋਂ ‘ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ’ (PMLA) ਤਹਿਤ ਮੈਸਰਜ਼ ਚੰਡੀਗੜ੍ਹ ਰੋਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (CRCPL) ਅਤੇ ਰੋਇਲ ਐਸਟੇਟ ਗਰੁੱਪ ਨਾਲ ਸਬੰਧਤ ਕਈ ਟਿਕਾਣਿਆਂ ‘ਤੇ ਇੱਕੋ ਵੇਲੇ ਤਾਬੜਤੋੜ ਛਾਪੇਮਾਰੀ ਕੀਤੀ ਗਈ ਸੀ। ਜਾਂਚ ਏਜੰਸੀ ਨੇ ਚੰਡੀਗੜ੍ਹ, ਜ਼ੀਰਕਪੁਰ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਸਥਿਤ ਕੰਪਨੀ ਦੇ ਦਫ਼ਤਰਾਂ ਅਤੇ ਪ੍ਰਮੋਟਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਸੀ।


ਸੂਤਰਾਂ ਅਨੁਸਾਰ ਈਡੀ ਵੱਲੋਂ ਪ੍ਰਵੀਨ ਕੰਸਲ ਅਤੇ ਨੀਰਜ ਕੰਸਲ ਤੋਂ ਇਲਾਵਾ ਉਨ੍ਹਾਂ ਦੇ ਕਾਰੋਬਾਰੀ ਸਾਥੀਆਂ—ਦਲਜੀਤ ਸਿੰਘ, ਅਨੁਰਾਗ ਮਿਢਾ, ਲਿਆਕਤ ਅਲੀ ਅਤੇ ਸੁਮਿਤ ਬੰਸਲ ਸਣੇ ਕਈ ਹੋਰਨਾਂ ਵਿਅਕਤੀਆਂ ਅਤੇ ਸਬੰਧਤ ਫਰਮਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਸ ਸਰਚ ਆਪ੍ਰੇਸ਼ਨ ਦੌਰਾਨ ਏਜੰਸੀ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ਵਿੱਚ:


ਵੱਡੀ ਪੱਧਰ ‘ਤੇ ਸ਼ੱਕੀ ਵਿੱਤੀ ਰਿਕਾਰਡ ਅਤੇ ਕਾਗਜ਼ਾਤ


ਬੇਨਾਮੀ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼


ਮੋਬਾਈਲ, ਲੈਪਟਾਪ ਅਤੇ ਹੋਰ ਡਿਜੀਟਲ ਡਿਵਾਈਸ (ਜਿਨ੍ਹਾਂ ਨੂੰ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ)


ਕੇਂਦਰੀ ਜਾਂਚ ਏਜੰਸੀ ਦੀ ਇਹ ਵੱਡੀ ਕਾਰਵਾਈ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਮੁਹਾਲੀ-ਜ਼ੀਰਕਪੁਰ ਬੈਲਟ ਦੇ ਕਈ ਰੀਅਲ ਅਸਟੇਟ ਪ੍ਰੋਜੈਕਟ ਲਗਾਤਾਰ ਜਾਂਚ ਦੇ ਘੇਰੇ ਵਿੱਚ ਹਨ। ਇਸ ਖੇਤਰ ਵਿੱਚ ਲੰਮੇ ਸਮੇਂ ਤੋਂ ਪ੍ਰੋਜੈਕਟਾਂ ਵਿੱਚ ਦੇਰੀ, ਅਲਾਟੀਆਂ ਨਾਲ ਧੋਖਾਧੜੀ, ਵਿੱਤੀ ਹੇਰਾਫੇਰੀ ਅਤੇ ਲੋਕਲ ਡਿਵੈਲਪਮੈਂਟ ਅਥਾਰਿਟੀਆਂ (ਜਿਵੇਂ ਗਮਾਡਾ) ਦੇ ਕਰੋੜਾਂ ਰੁਪਏ ਦੇ ਬਕਾਏ ਨਾ ਚੁਕਾਉਣ ਦੇ ਗੰਭੀਰ ਸਵਾਲ ਉੱਠ ਰਹੇ ਸਨ। ਈਡੀ ਵੱਲੋਂ ਹੁਣ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਪ੍ਰਮੋਟਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਇਸ ਜ਼ਮੀਨ ਘੁਟਾਲੇ ਦੀਆਂ ਤਾਰਾਂ ਕਿੱਥੇ-ਕਿੱਥੇ ਜੁੜੀਆਂ ਹਨ, ਉਸ ਦਾ ਪਰਦਾਫਾਸ਼ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.