IMG-LOGO
ਹੋਮ ਪੰਜਾਬ: ਸ਼੍ਰੋਮਣੀ ਕਮੇਟੀ ਦਾ SIT ‘ਤੇ ਪਲਟਵਾਰ, “ਚਾਰ ਵਾਰ ਦਿੱਤਾ, ਰਿਕਾਰਡ...

ਸ਼੍ਰੋਮਣੀ ਕਮੇਟੀ ਦਾ SIT ‘ਤੇ ਪਲਟਵਾਰ, “ਚਾਰ ਵਾਰ ਦਿੱਤਾ, ਰਿਕਾਰਡ ਫਿਰ ਵੀ ਹਾਈਕੋਰਟ ’ਚ ਝੂਠਾ ਹਲਫ਼ਨਾਮਾ ਕੀਤਾ ਦਾਖਲ”

Admin User - May 28, 2026 07:20 PM
IMG

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਬੀੜਾਂ ਨਾਲ ਜੁੜੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (SIT) ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਚੰਡੀਗੜ੍ਹ ਵਿਖੇ ਸਿੱਟ ਨੂੰ ਦਸਤਾਵੇਜ਼ਾਂ ਦੀਆਂ ਕਾਪੀਆਂ ਸੌਂਪਣ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ ਕਿ ਕਮੇਟੀ ਨੇ ਹਰ ਵਾਰ ਮੰਗਿਆ ਗਿਆ ਰਿਕਾਰਡ ਸਮੇਂ ਸਿਰ ਅਤੇ ਪੂਰੀ ਪਾਰਦਰਸ਼ਤਾ ਨਾਲ ਦਿੱਤਾ ਹੈ, ਇਸ ਦੇ ਬਾਵਜੂਦ ਹਾਈਕੋਰਟ ਵਿੱਚ ਇਹ ਕਿਹਾ ਗਿਆ ਕਿ SGPC ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ।

ਧਾਮੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਹੋ ਰਹੀ ਹੈ ਅਤੇ SGPC ਉਸਦੇ ਨਿਰਦੇਸ਼ਾਂ ਅਨੁਸਾਰ SIT ਨਾਲ ਸਹਿਯੋਗ ਕਰ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ FIR ਦਰਜ ਹੋਣ ਤੋਂ ਬਾਅਦ 13 ਜਨਵਰੀ 2026 ਨੂੰ SIT ਦਾ ਪਹਿਲਾ ਪੱਤਰ ਮਿਲਿਆ ਸੀ, ਜਿਸ ਦੇ ਜਵਾਬ ਵਿੱਚ 29 ਜਨਵਰੀ ਨੂੰ ਰਿਕਾਰਡ ਸੌਂਪਿਆ ਗਿਆ। ਇਸ ਤੋਂ ਬਾਅਦ 17 ਫਰਵਰੀ ਅਤੇ 3 ਅਪ੍ਰੈਲ ਨੂੰ ਵੀ ਵੱਖ-ਵੱਖ ਮੱਦਾਂ ਸਬੰਧੀ ਦਸਤਾਵੇਜ਼ ਮੰਗੇ ਗਏ, ਜੋ ਨਿਰਧਾਰਤ ਸਮੇਂ ਅੰਦਰ SIT ਨੂੰ ਦੇ ਦਿੱਤੇ ਗਏ। ਅੱਜ ਵੀ ਬਿੱਲ ਬੁੱਕਾਂ ਅਤੇ ਲੈਜਰਾਂ ਨਾਲ ਜੁੜਿਆ ਰਿਕਾਰਡ ਜਾਂਚ ਟੀਮ ਦੇ ਹਵਾਲੇ ਕੀਤਾ ਗਿਆ ਹੈ।

SGPC ਪ੍ਰਧਾਨ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਦਾਖਲ ਕੀਤਾ ਗਿਆ ਹਲਫ਼ਨਾਮਾ “ਸਰਾਸਰ ਝੂਠ” ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਦਸਤਾਵੇਜ਼ ਸੌਂਪਣ ਦੀ ਵੀਡੀਓ ਰਿਕਾਰਡਿੰਗ SGPC ਕੋਲ ਮੌਜੂਦ ਹੈ ਅਤੇ ਜੇਕਰ SIT ਵੱਲੋਂ ਅਦਾਲਤ ਵਿੱਚ ਗਲਤ ਬਿਆਨੀ ਜਾਰੀ ਰਹੀ ਤਾਂ ਇਹ ਸਾਰੇ ਸਬੂਤ ਜਨਤਕ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਨੇ ਤਸਦੀਕਸ਼ੁਦਾ ਕਾਪੀਆਂ ਦਿੱਤੀਆਂ ਹਨ ਅਤੇ ਅਦਾਲਤੀ ਹੁਕਮ ਆਉਣ ’ਤੇ ਅਸਲ ਰਿਕਾਰਡ ਵੀ ਪੇਸ਼ ਕਰ ਦਿੱਤਾ ਜਾਵੇਗਾ।

ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ SGPC 328 ਪਾਵਨ ਬੀੜਾਂ ਦੇ ਮਾਮਲੇ ਨਾਲ ਸੰਬੰਧਤ ਹਰ ਜਾਣਕਾਰੀ ਦੇਣ ਲਈ ਤਿਆਰ ਹੈ, ਪਰ ਜਾਂਚ ਦੇ ਦਾਇਰੇ ਤੋਂ ਬਾਹਰ ਦੀਆਂ ਗੈਰ-ਜ਼ਰੂਰੀ ਜਾਣਕਾਰੀਆਂ ਮੁਹੱਈਆ ਨਹੀਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਵੀ ਭੇਜਿਆ ਗਿਆ ਹੈ ਅਤੇ ਅਗਲਾ ਫੈਸਲਾ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।

ਧਾਮੀ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ SIT ਵੱਲੋਂ ਬੇਲੋੜੀਆਂ ਜਾਣਕਾਰੀਆਂ ਮੰਗਣ ਅਤੇ SGPC ’ਤੇ ਅਦਾਲਤ ਵਿੱਚ ਗਲਤ ਦੋਸ਼ ਲਗਾਉਣ ਦਾ ਸਿਲਸਿਲਾ ਨਾ ਰੁਕਿਆ ਤਾਂ ਕਮੇਟੀ ਨੂੰ ਸਹਿਯੋਗ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.