IMG-LOGO
ਹੋਮ ਪੰਜਾਬ: ਪੁਲਿਸ ਸਟੀਕਰ ਵਾਲੀ ਗੱਡੀ 'ਚੋਂ ਸ਼ਰਾਬ ਤੇ ਵਰਦੀ ਬਰਾਮਦ, ਬਲਬੀਰ...

ਪੁਲਿਸ ਸਟੀਕਰ ਵਾਲੀ ਗੱਡੀ 'ਚੋਂ ਸ਼ਰਾਬ ਤੇ ਵਰਦੀ ਬਰਾਮਦ, ਬਲਬੀਰ ਸਿੱਧੂ ਨੇ ਪੁਲਿਸ 'ਤੇ ਲਗਾਏ ਆਰੋਪ

Admin User - May 25, 2026 08:16 PM
IMG

ਨਗਰ ਨਿਗਮ ਚੋਣਾਂ ਦੇ ਮਾਹੌਲ ਵਿਚ ਮੋਹਾਲੀ ਤੋਂ ਇੱਕ ਵਿਵਾਦਿਤ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਪੁਲਿਸ ਦਾ ਸਟੀਕਰ ਲੱਗੀ ਇੱਕ ਸ਼ੱਕੀ ਗੱਡੀ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਅਤੇ ਪੁਲਿਸ ਵਰਦੀ ਮਿਲਣ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਬਲਬੀਰ ਸਿੰਘ ਸਿੱਧੂ ਮੁਤਾਬਕ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਇੱਕ ਗੱਡੀ ਨੂੰ ਰੋਕਿਆ, ਜਿਸ 'ਤੇ ਪੁਲਿਸ ਦਾ ਸਟੀਕਰ ਲੱਗਿਆ ਹੋਇਆ ਸੀ। ਜਾਂਚ ਦੌਰਾਨ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਅਤੇ ਪੁਲਿਸ ਅਧਿਕਾਰੀ ਦੀ ਵਰਦੀ ਬਰਾਮਦ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਪਰ ਪੁਲਿਸ ਮੌਕੇ 'ਤੇ ਕਾਫ਼ੀ ਦੇਰੀ ਨਾਲ ਪਹੁੰਚੀ।

ਸਿੱਧੂ ਨੇ ਦੋਸ਼ ਲਾਇਆ ਕਿ ਮੌਕੇ 'ਤੇ ਤਿੰਨ ਲੋਕਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ, ਪਰ ਪੁਲਿਸ ਨੇ ਕੇਵਲ ਇੱਕ ਵਿਅਕਤੀ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਗੱਡੀ ਵਿੱਚੋਂ ਪੁਲਿਸ ਵਰਦੀ ਅਤੇ ਸ਼ਰਾਬ ਮਿਲਣ ਦੇ ਬਾਵਜੂਦ ਕੋਈ ਸਖ਼ਤ ਕਾਰਵਾਈ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਘਟਨਾ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ਦੇ ਪੁੱਤਰ ਨੂੰ ਹਥਿਆਰ ਦਿਖਾ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ।

ਦੂਜੇ ਪਾਸੇ, ਮੋਹਾਲੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਚੋਣਾਂ ਦੌਰਾਨ ਪੁਲਿਸ ਦੀ ਭੂਮਿਕਾ ਅਤੇ ਪ੍ਰਸ਼ਾਸਨਿਕ ਨਿਗਰਾਨੀ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.