ਤਾਜਾ ਖਬਰਾਂ
ਜਲੰਧਰ, 25 ਮਈ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਆਦਮਪੁਰ ਦੇ ਹਲਕਾ ਇੰਚਾਰਜ ਪਵਨ ਟੀਨੂੰ ਨੇ ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਕਿਸਾਨਾਂ, ਪੰਜਾਬ ਅਤੇ ਆਮ ਜਨਤਾ ਦੇ ਵਿਰੁੱਧ ਹਨ, ਜਿਸ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਮ ਆਦਮੀ ਦੀ ਆਰਥਿਕ ਸਥਿਤੀ 'ਤੇ ਡੂੰਘਾ ਅਸਰ ਪੈ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਤਰਨਦੀਪ ਸਿੰਘ ਵੀ ਮੌਜੂਦ ਸਨ।
ਪਵਨ ਟੀਨੂੰ ਨੇ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਦੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧੇ 'ਤੇ ਵੀ ਵੱਡੇ-ਵੱਡੇ ਪ੍ਰਦਰਸ਼ਨ ਕੀਤੇ ਜਾਂਦੇ ਸਨ, ਪਰ ਹੁਣ ਲਗਾਤਾਰ ਕੀਮਤਾਂ ਵਧਣ ਦੇ ਬਾਵਜੂਦ ਭਾਜਪਾ ਆਗੂਆਂ ਦੀ ਚੁੱਪ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਸਿਖਰ 'ਤੇ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਰੋਜ਼ਾਨਾ ਦੀਆਂ ਲੋੜਾਂ ਦਾ ਸਾਮਾਨ ਲਗਾਤਾਰ ਮਹਿੰਗਾ ਹੋ ਰਿਹਾ ਹੈ, ਜਿਸ ਨਾਲ ਮੱਧ ਵਰਗ ਅਤੇ ਗਰੀਬ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਪਵਨ ਟੀਨੂੰ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਦੌਰਾਨ ਕਿਸਾਨਾਂ ਨੂੰ ਸਭ ਤੋਂ ਵੱਧ ਡੀਜ਼ਲ ਦੀ ਲੋੜ ਪੈਂਦੀ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਖੇਤੀ ਦੀ ਲਾਗਤ ਵਿੱਚ ਭਾਰੀ ਵਾਧਾ ਹੋਵੇਗਾ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਆਰਥਿਕ ਮੰਦੀ ਅਤੇ ਨੁਕਸਾਨ ਦੀ ਮਾਰ ਝੱਲ ਰਹੇ ਹਨ, ਅਜਿਹੇ ਵਿੱਚ ਬਾਲਣ ਦੀਆਂ ਵਧਦੀਆਂ ਕੀਮਤਾਂ ਉਨ੍ਹਾਂ ਲਈ ਨਵੀਂ ਮੁਸ਼ਕਲ ਬਣ ਗਈਆਂ ਹਨ।
ਉਨ੍ਹਾਂ ਨੇ ਭਾਜਪਾ ਆਗੂਆਂ ਰਵਨੀਤ ਬਿੱਟੂ, ਅਸ਼ਵਨੀ ਸ਼ਰਮਾ ਅਤੇ ਸੁਨੀਲ ਜਾਖੜ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਆਗੂ ਹਰ ਮੁੱਦੇ 'ਤੇ ਬਿਆਨ ਦਿੰਦੇ ਸਨ, ਪਰ ਜਿਵੇਂ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ, ਉਨ੍ਹਾਂ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ। ਮਹਿੰਗਾਈ ਵਰਗੇ ਗੰਭੀਰ ਮੁੱਦੇ 'ਤੇ ਭਾਜਪਾ ਆਗੂਆਂ ਦੀ ਚੁੱਪ ਨੂੰ ਜਨਤਾ ਸਭ ਦੇਖ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਚੋਣਾਂ ਖ਼ਤਮ ਹੁੰਦੇ ਹੀ ਕੇਂਦਰ ਸਰਕਾਰ ਨੇ ਮਹਿੰਗਾਈ ਦਾ ਬੋਝ ਜਨਤਾ 'ਤੇ ਪਾ ਦਿੱਤਾ। ਭਾਜਪਾ ਨੂੰ ਲੱਗਦਾ ਹੈ ਕਿ ਦੇਸ਼ ਦਾ ਆਮ ਵਰਗ ਉਸ ਦੀ ਜੇਬ ਵਿੱਚ ਹੈ ਅਤੇ ਉਹ ਜਨਤਾ 'ਤੇ ਕਿਸੇ ਵੀ ਤਰ੍ਹਾਂ ਦਾ ਆਰਥਿਕ ਬੋਝ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਭਾਜਪਾ ਹਰ ਹੱਥਕੰਡਾ ਅਪਣਾ ਰਹੀ ਹੈ, ਜਦਕਿ ਆਮ ਜਨਤਾ ਲਗਾਤਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਪਵਨ ਟੀਨੂੰ ਨੇ ਕਿਹਾ ਕਿ 26 ਮਈ ਨੂੰ ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਨਤਾ ਇਸ ਚੋਣ ਵਿੱਚ ਭਾਜਪਾ ਨੂੰ ਕਰਾਰਾ ਜਵਾਬ ਦੇਵੇ ਅਤੇ ਮਹਿੰਗਾਈ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣਾ ਲੋਕਤੰਤਰੀ ਫ਼ੈਸਲਾ ਸੁਣਾਵੇ।
Get all latest content delivered to your email a few times a month.