IMG-LOGO
ਹੋਮ ਪੰਜਾਬ: ਜਲੰਧਰ ’ਚ ਪੰਥਕ ਜਥੇਬੰਦੀਆਂ ਦੀ ਵੱਡੀ ਮੀਟਿੰਗ; ‘ਸਤਿਕਾਰ ਐਕਟ’ ਦੀਆਂ...

ਜਲੰਧਰ ’ਚ ਪੰਥਕ ਜਥੇਬੰਦੀਆਂ ਦੀ ਵੱਡੀ ਮੀਟਿੰਗ; ‘ਸਤਿਕਾਰ ਐਕਟ’ ਦੀਆਂ ਇਤਰਾਜ਼ਯੋਗ ਧਾਰਾਵਾਂ ਰੱਦ ਕਰਨ ਦੀ ਚੇਤਾਵਨੀ

Admin User - May 25, 2026 06:41 PM
IMG

ਜਲੰਧਰ ਵਿਖੇ ਸਿੱਖ ਪੰਥ ਨਾਲ ਸੰਬੰਧਿਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸੇਵਾ ਸੰਸਥਾਵਾਂ ਦੀ ਇੱਕ ਅਹਿਮ ਇਕੱਤਰਤਾ ਗੁਰਦੁਆਰਾ ਦੀਵਾਨ ਅਸਥਾਨ ਵਿੱਚ ਕਰਵਾਈ ਗਈ, ਜਿਸ ਵਿੱਚ ‘ਸਤਿਕਾਰ ਐਕਟ’ ਨੂੰ ਲੈ ਕੇ ਡੂੰਘੀ ਚਰਚਾ ਹੋਈ। ਇਸ ਇਕੱਤਰਤਾ ਵਿੱਚ ਸ਼ਹਿਰ ਦੀਆਂ ਸਿੰਘ ਸਭਾਵਾਂ, ਸੁਖਮਨੀ ਸੇਵਾ ਸੋਸਾਇਟੀਆਂ, ਗੁਰੂ ਨਾਨਕ ਨਾਮ ਲੇਵਾ ਜਥੇਬੰਦੀਆਂ ਅਤੇ ਹੋਰ ਪ੍ਰਮੁੱਖ ਪੰਥਕ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਸਤਿਕਾਰ ਐਕਟ’ ਦੇ ਖਰੜੇ ਦੀਆਂ ਕਈ ਧਾਰਾਵਾਂ ’ਤੇ ਗੰਭੀਰ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕੁਝ ਪ੍ਰਾਵਧਾਨ ਸਿੱਖ ਧਰਮ ਦੀ ਮਰਯਾਦਾ, ਰਵਾਇਤਾਂ ਅਤੇ ਪੰਥਕ ਅਸੂਲਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਨਾਲ ਜੁੜੇ ਕਿਸੇ ਵੀ ਫੈਸਲੇ ਵਿੱਚ ਪੰਥ ਦੀ ਭਾਵਨਾ ਅਤੇ ਸਿੱਖ ਰਹਿਤ ਮਰਯਾਦਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਇਕੱਤਰ ਹੋਈਆਂ ਸਾਰੀਆਂ ਸੰਸਥਾਵਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਸਪੱਸ਼ਟ ਕੀਤਾ ਕਿ ਸਿੱਖ ਕੌਮ ਸਦਾ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੈ ਅਤੇ ਸਤਿਕਾਰ ਐਕਟ ਸਬੰਧੀ ਅਕਾਲ ਤਖ਼ਤ ਸਾਹਿਬ ਵੱਲੋਂ ਆਉਣ ਵਾਲੇ ਹਰ ਹੁਕਮ ਅਤੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਮੰਨਿਆ ਜਾਵੇਗਾ।

ਨੁਮਾਇੰਦਿਆਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਧਾਰਾਵਾਂ ਪੰਥਕ ਹਿੱਤਾਂ ਦੇ ਖ਼ਿਲਾਫ਼ ਹਨ ਜਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਐਕਟ ਵਿੱਚ ਸੋਧ ਕਰਕੇ ਸਿੱਖ ਕੌਮ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾਵੇ।

ਗੌਰਤਲਬ ਹੈ ਕਿ ‘ਸਤਿਕਾਰ ਐਕਟ’ ਖ਼ਿਲਾਫ਼ ਸਭ ਤੋਂ ਪਹਿਲਾਂ ਜਲੰਧਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਜਾਗਰੂਕ ਸੰਗਤਾਂ ਵੱਲੋਂ ਹੀ ਆਵਾਜ਼ ਬੁਲੰਦ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਵਿਸ਼ੇਸ਼ ਮੀਟਿੰਗ ਨੇ ਇੱਕ ਵਾਰ ਫਿਰ ਪੰਥਕ ਏਕਤਾ ਅਤੇ ਅਕਾਲ ਤਖ਼ਤ ਸਾਹਿਬ ਪ੍ਰਤੀ ਸਿੱਖ ਸੰਗਤਾਂ ਦੀ ਅਟੱਲ ਨਿਸ਼ਠਾ ਨੂੰ ਦਰਸਾਇਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.