ਤਾਜਾ ਖਬਰਾਂ
ਮੰਤਰੀ ਚੀਮਾ ਮੁਤਾਬਕ ਸਫਾਈ ਕਰਮਚਾਰੀਆਂ ਦੀ 35 ਮੈਂਬਰੀ ਟੀਮ, ਜਿਸ ਵਿੱਚ 5 ਮੈਂਬਰੀ ਕੋਰ ਕਮੇਟੀ ਵੀ ਸ਼ਾਮਲ ਸੀ, ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਰਕਾਰੀ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਇਸ ਦੌਰਾਨ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਕਈ ਮੁੱਖ ਮੰਗਾਂ ‘ਤੇ ਚਰਚਾ ਹੋਈ ਅਤੇ ਕਈ ਮਸਲਿਆਂ ‘ਤੇ ਤੁਰੰਤ ਸਹਿਮਤੀ ਬਣੀ।
ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸਰਕਾਰ ਨੇ ਮਾਮਲੇ ਦੇ ਹੱਲ ਲਈ ਵਿਸ਼ੇਸ਼ ਕਮੇਟੀ ਬਣਾਈ ਹੈ, ਜੋ ਇੱਕ ਮਹੀਨੇ ਦੇ ਅੰਦਰ ਬਾਕੀ ਰਹਿੰਦੀਆਂ ਮੰਗਾਂ ‘ਤੇ ਫੈਸਲਾ ਕਰੇਗੀ। ਚੀਮਾ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਜਲਦ ਸਾਰੇ ਲੰਬਿਤ ਮਸਲੇ ਸੁਲਝਾਏ ਜਾਣਗੇ।
ਇਸਦੇ ਨਾਲ ਹੀ ਹਰਪਾਲ ਚੀਮਾ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈਐਸਆਈ ਏਜੰਟ ਕਹਿਣ ਵਾਲੇ ਬਿਆਨ ‘ਤੇ ਵੀ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਜਿਹੀ ਭਾਸ਼ਾ ਨਾ ਸਿਰਫ਼ ਇੱਕ ਚੁਣੇ ਹੋਏ ਮੁੱਖ ਮੰਤਰੀ ਦੀ ਤੌਹੀਨ ਹੈ, ਸਗੋਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਦਾ ਵੀ ਅਪਮਾਨ ਹੈ।
ਚੀਮਾ ਨੇ ਭਾਜਪਾ ਨੂੰ “ਪੰਜਾਬ ਵਿਰੋਧੀ ਸੋਚ” ਵਾਲੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ ਕਾਂਗਰਸ ਵਿੱਚ ਸਨ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੇ ਰਹਿਣ ‘ਤੇ ਉਹ ਚੁੱਪ ਕਿਉਂ ਰਹੇ। ਉਨ੍ਹਾਂ ਸਵਾਲ ਕੀਤਾ ਕਿ ਕੀ ਉਸ ਵੇਲੇ ਪੰਜਾਬ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ।
Get all latest content delivered to your email a few times a month.