ਤਾਜਾ ਖਬਰਾਂ
ਅੰਮ੍ਰਿਤਸਰ ਦੇ ਪਿੰਡ ਹਰੀ ਨੌ ਵਿੱਚ ਦੋ ਸਕੇ ਭਰਾਵਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਨੇ ਪੰਜਾਬ ਦੀ ਕਿਸਾਨ ਸਿਆਸਤ ਨੂੰ ਇੱਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀ ਬੀਕੇਯੂ ਏਕਤਾ ਸਿਧਪੁਰ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਭਾਰੀ ਗਰਮੀ ਅਤੇ 40 ਡਿਗਰੀ ਤਾਪਮਾਨ ਦੇ ਬਾਵਜੂਦ ਕਿਸਾਨ ਖੁੱਲ੍ਹੇ ਅਸਮਾਨ ਹੇਠ ਡਟੇ ਹੋਏ ਹਨ।
ਧਰਨੇ ਦੌਰਾਨ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਤੇ ਬੈਂਕ ਪ੍ਰਸ਼ਾਸਨ ‘ਤੇ ਤਿੱਖੇ ਹਮਲੇ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ ਇੱਕ ਪਰਿਵਾਰ ਦੀ ਤਰਾਸਦੀ ਨਹੀਂ, ਸਗੋਂ ਪੂਰੇ ਪੰਜਾਬ ਦੇ ਕਿਸਾਨਾਂ ਦੀ ਦਰਦਨਾਕ ਹਕੀਕਤ ਨੂੰ ਦਰਸਾਉਂਦੀ ਹੈ।
ਡੱਲੇਵਾਲ ਨੇ ਦੋਸ਼ ਲਗਾਇਆ ਕਿ ਮ੍ਰਿਤਕ ਭਰਾਵਾਂ ਨੇ ਆਪਣਾ ਕਰਜ਼ਾ ਚੁਕਾ ਦਿੱਤਾ ਸੀ ਅਤੇ ਜ਼ਮੀਨ ਤੱਕ ਵੇਚ ਦਿੱਤੀ ਸੀ, ਪਰ ਇਸਦੇ ਬਾਵਜੂਦ ਬੈਂਕ ਵੱਲੋਂ ਲਏ ਗਏ ਬਲੈਂਕ ਚੈਕ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਕਿਸਾਨਾਂ ਨੂੰ ਨੋਟਿਸਾਂ ਅਤੇ ਧਮਕੀਆਂ ਰਾਹੀਂ ਲਗਾਤਾਰ ਮਾਨਸਿਕ ਤੌਰ ‘ਤੇ ਤੰਗ ਕਰ ਰਹੇ ਹਨ, ਜਿਸ ਕਾਰਨ ਕਈ ਕਿਸਾਨ ਡਿੱਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿਰਫ ਹਰੀ ਨੌ ਹੀ ਨਹੀਂ, ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਫਰੀਦਕੋਟ, ਮਾਨਸਾ, ਸੰਗਰੂਰ, ਮੁਕਤਸਰ, ਪਟਿਆਲਾ ਅਤੇ ਲੁਧਿਆਣਾ ਤੋਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਡੱਲੇਵਾਲ ਨੇ ਦਾਅਵਾ ਕੀਤਾ ਕਿ ਹਜ਼ਾਰਾਂ ਕਿਸਾਨਾਂ ਦੇ ਬਲੈਂਕ ਚੈਕ ਅਜੇ ਵੀ ਬੈਂਕਾਂ ਕੋਲ ਪਏ ਹਨ ਅਤੇ ਉਨ੍ਹਾਂ ਦਾ ਦੁਰਵਰਤੋਂ ਹੋ ਰਿਹਾ ਹੈ।
ਉਨ੍ਹਾਂ ਇਕਤਰ ਕੌਰ ਨਾਮ ਦੀ ਇਕ ਲੜਕੀ ਦਾ ਮਾਮਲਾ ਵੀ ਸਾਹਮਣੇ ਰੱਖਿਆ, ਜਿਸ ਨੇ ਆਪਣਾ ਲੋਨ 2025 ਵਿੱਚ ਪੂਰੀ ਤਰ੍ਹਾਂ ਅਦਾ ਕਰ ਦਿੱਤਾ ਸੀ ਅਤੇ ਕਲੀਅਰੈਂਸ ਸਰਟੀਫਿਕੇਟ ਵੀ ਲੈ ਲਿਆ ਸੀ, ਪਰ ਫਿਰ ਵੀ ਉਸਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਡੱਲੇਵਾਲ ਨੇ ਕਿਹਾ ਕਿ ਜੇਕਰ ਉਹ ਸਮੇਂ ਸਿਰ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਨਾ ਕਰਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਕਿਸਾਨ ਆਗੂ ਨੇ ਬੈਂਕ ਪ੍ਰਣਾਲੀ ‘ਚ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਦੇ ਦੋਸ਼ ਲਗਾਉਂਦਿਆਂ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਨਿਰਪੱਖ ਜਾਂਚ ਹੋਈ ਤਾਂ ਬੈਂਕ ਦੇ ਕਈ ਅਧਿਕਾਰੀ ਕਾਨੂੰਨੀ ਕਾਰਵਾਈ ਦੇ ਘੇਰੇ ਵਿੱਚ ਆ ਸਕਦੇ ਹਨ।
ਡੱਲੇਵਾਲ ਨੇ ਇਹ ਵੀ ਦੋਸ਼ ਲਗਾਇਆ ਕਿ ਧਰਨੇ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਟੈਂਟ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਤਿੱਖੀ ਧੁੱਪ ਵਿੱਚ ਬੈਠਣਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਬਲੈਂਕ ਚੈਕ ਵਾਪਸ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
Editor in Chief
ਕੱਪੜ ਛਾਣ
Get all latest content delivered to your email a few times a month.