IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਮ੍ਰਿਤਸਰ ‘ਚ ਪੈਟਰੋਲ ਬੰਬ ਹਮਲੇ ਦਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ;...

ਅੰਮ੍ਰਿਤਸਰ ‘ਚ ਪੈਟਰੋਲ ਬੰਬ ਹਮਲੇ ਦਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ; ਵਿਦੇਸ਼ੀ ਗੈਂਗਸਟਰਾਂ ਨਾਲ ਸੀ ਸਿੱਧਾ ਸੰਪਰਕ

Admin User - May 16, 2026 10:07 PM
IMG

ਅੰਮ੍ਰਿਤਸਰ ਦੇ ਕਸਬਾ ਰਮਦਾਸ ਅਧੀਨ ਪੈਂਦੇ ਪਿੰਡ ਸੁਧਾਰ ਵਿੱਚ ਸਰਪੰਚ ਦੇ ਘਰ ‘ਤੇ ਹੋਏ ਪੈਟਰੋਲ ਬੰਬ ਹਮਲੇ ਅਤੇ ਫਾਇਰਿੰਗ ਮਾਮਲੇ ਵਿੱਚ ਅੰਮ੍ਰਿਤਸਰ ਦੇਹਾਤ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਹਮਲਾ ਇੱਕ ਸੁਚੱਜੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਅਤੇ ਇਸ ਪਿੱਛੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦਾ ਹੱਥ ਸਾਹਮਣੇ ਆ ਰਿਹਾ ਹੈ।

ਐਸ.ਐਸ.ਪੀ. ਦੇਹਾਤ ਸੋਹੇਲ ਮੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਮਈ ਦੀ ਰਾਤ ਕਰੀਬ 11 ਵਜੇ ਮੌਜੂਦਾ ਸਰਪੰਚ ਦੇ ਘਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ ਅਤੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਲਈ ਗੋਲੀਆਂ ਵੀ ਚਲਾਈਆਂ ਗਈਆਂ। ਹਮਲੇ ਤੋਂ ਪਹਿਲਾਂ ਸਰਪੰਚ ਨੂੰ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਨਾਮ ‘ਤੇ ਫਿਰੌਤੀ ਮੰਗਣ ਵਾਲੀਆਂ ਧਮਕੀਭਰੀਆਂ ਕਾਲਾਂ ਆ ਰਹੀਆਂ ਸਨ, ਜਿਸ ਕਾਰਨ ਪਿੰਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਅਤੇ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਸਿੰਘ, ਆਕਾਸ਼ਦੀਪ ਸਿੰਘ ਕੌੜਾ, ਆਕਾਸ਼ਦੀਪ ਸਿੰਘ ਬਾਬਾ ਅਤੇ ਜਗਤਾਰ ਸਿੰਘ ਵਜੋਂ ਹੋਈ ਹੈ।

ਪੁਲਿਸ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਇੰਟਰਨੈੱਟ ਵੀਡੀਓ ਕਾਲਾਂ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਹੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਜਾਂਚ ਵਿੱਚ ਇਹ ਖੁਲਾਸਾ ਵੀ ਹੋਇਆ ਕਿ ਹਮਲੇ ਤੋਂ ਪਹਿਲਾਂ ਸਾਰੇ ਮੁਲਜ਼ਮ ਇੱਕ ਮੀਟ ਸ਼ਾਪ ‘ਤੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਪੈਟਰੋਲ ਬੰਬ ਤਿਆਰ ਕੀਤੇ ਅਤੇ ਵਾਰਦਾਤ ਲਈ ਮੋਟਰਸਾਈਕਲ ਦਾ ਪ੍ਰਬੰਧ ਕੀਤਾ।

ਪੁਲਿਸ ਅਧਿਕਾਰੀਆਂ ਮੁਤਾਬਕ ਇਹੀ ਗਿਰੋਹ ਪਹਿਲਾਂ ਵੀ ਇਸੇ ਪਿੰਡ ਦੇ ਇੱਕ ਹੋਰ ਸਰਪੰਚ ਦੇ ਘਰ ‘ਤੇ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਪੁਲਿਸ ਹੁਣ ਵਿਦੇਸ਼ੀ ਹੈਂਡਲਰਾਂ ਦੇ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਇਸ ਗੈਂਗਸਟਰ ਨੈੱਟਵਰਕ ਨਾਲ ਜੁੜੇ ਹੋਰ ਵੀ ਕਈ ਵੱਡੇ ਖੁਲਾਸੇ ਆਉਣ ਦੀ ਸੰਭਾਵਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.