ਤਾਜਾ ਖਬਰਾਂ
ਲੁਧਿਆਣਾ ਦੀ ਇੱਕ ਮਸ਼ਹੂਰ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਵਿਰੁੱਧ ਗੰਭੀਰ ਲਾਪਰਵਾਹੀ ਦੇ ਦੋਸ਼ ਸਾਹਮਣੇ ਆਏ ਹਨ। ਕੰਪਨੀ ਦੇ ਹੀ ਇੱਕ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਦੇ 140ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਮੁਲਾਜ਼ਮਾਂ ਨੂੰ ਮਿਆਦ ਪੁੱਗ ਚੁੱਕੀਆਂ ਕੋਲਡ ਡਰਿੰਕਸ ਦੀਆਂ ਬੋਤਲਾਂ ਪਰੋਸੀਆਂ ਗਈਆਂ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਕੰਪਨੀ ਨੇ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਕਰਨ ਵਾਲੇ ਕਰਮਚਾਰੀ ਨੂੰ ਹੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਬਸਤੀ ਜੋਧੇਵਾਲ ਦੇ ਰਹਿਣ ਵਾਲੇ ਸਾਹਿਲ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਕੰਪਨੀ ਦੇ ਪਲਾਂਟ ਵਿੱਚ ਕੰਮ ਕਰ ਰਿਹਾ ਸੀ। 8 ਮਈ ਨੂੰ ਕੰਪਨੀ ਵੱਲੋਂ ਮਨਾਏ ਗਏ ਸਮਾਗਮ ਵਿੱਚ ਕਰੀਬ 70 ਤੋਂ 80 ਕਰਮਚਾਰੀਆਂ ਨੂੰ ਸਮੋਸੇ, ਸੈਂਡਵਿਚ ਅਤੇ 200 ਐਮਐਲ ਦੀਆਂ ਕੋਲਡ ਡਰਿੰਕਸ ਬੋਤਲਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਉਸਦੇ ਇੱਕ ਸਾਥੀ ਨੇ ਜਦੋਂ ਬੋਤਲ ਪੀਣੀ ਸ਼ੁਰੂ ਕੀਤੀ ਤਾਂ ਸਾਹਿਲ ਨੇ ਉਸ ‘ਤੇ ਛਪੀ ਐਕਸਪਾਇਰੀ ਡੇਟ ਚੈੱਕ ਕੀਤੀ। ਇਹ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਬੋਤਲਾਂ ਦੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਸੀ।
ਸਾਹਿਲ ਦੇ ਮੁਤਾਬਕ ਉਸਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਪਰ ਕਿਸੇ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਬਾਅਦ ਉਸਨੇ ਸਬੂਤ ਵਜੋਂ ਵੀਡੀਓ ਬਣਾਕੇ ਕੰਪਨੀ ਦੇ ਅਧਿਕਾਰਕ ਵਟਸਐਪ ਗਰੁੱਪਾਂ ਵਿੱਚ ਸਾਂਝੀ ਕਰ ਦਿੱਤੀ। ਉਸਦਾ ਦੋਸ਼ ਹੈ ਕਿ ਕੰਪਨੀ ਨੇ ਨਾ ਤਾਂ ਮਾਫ਼ੀ ਮੰਗੀ ਅਤੇ ਨਾ ਹੀ ਕਰਮਚਾਰੀਆਂ ਦੀ ਸਿਹਤ ਦੀ ਚਿੰਤਾ ਕੀਤੀ।
ਸਾਹਿਲ ਨੇ ਇਹ ਵੀ ਦੱਸਿਆ ਕਿ ਐਕਸਪਾਇਰਡ ਕੋਲਡ ਡਰਿੰਕ ਪੀਣ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੋ ਗਈ। ਉਸਨੂੰ ਉਲਟੀਆਂ ਆਉਣ ਲੱਗੀਆਂ ਅਤੇ ਪਹਿਲਾਂ ਸਥਾਨਕ ਡਾਕਟਰ ਕੋਲ ਇਲਾਜ ਕਰਵਾਉਣ ਤੋਂ ਬਾਅਦ ESI ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਉਸਨੇ ਮੀਡੀਆ ਸਾਹਮਣੇ ਆਪਣੀਆਂ ਮੈਡੀਕਲ ਰਿਪੋਰਟਾਂ ਅਤੇ ਇਲਾਜ ਦੇ ਦਸਤਾਵੇਜ਼ ਵੀ ਪੇਸ਼ ਕੀਤੇ।
ਪੀੜਤ ਕਰਮਚਾਰੀ ਨੇ ਸਵਾਲ ਉਠਾਇਆ ਕਿ ਜੇਕਰ ਕੰਪਨੀ ਆਪਣੇ ਹੀ ਸਟਾਫ ਨੂੰ ਐਕਸਪਾਇਰਡ ਕੋਲਡ ਡਰਿੰਕਸ ਪਿਲਾ ਰਹੀ ਹੈ ਤਾਂ ਆਮ ਲੋਕਾਂ ਨੂੰ ਬਾਜ਼ਾਰ ਵਿੱਚ ਕੀ ਵੇਚਿਆ ਜਾ ਰਿਹਾ ਹੋਵੇਗਾ। ਉਸਨੇ ਕਿਹਾ ਕਿ ਉਹ ਖਪਤਕਾਰ ਅਦਾਲਤ ਅਤੇ ਫੂਡ ਸੇਫਟੀ ਵਿਭਾਗ ਕੋਲ ਵੀ ਇਨਸਾਫ ਲਈ ਜਾਵੇਗਾ।
14 ਮਈ ਨੂੰ ਕੰਪਨੀ ਵੱਲੋਂ ਸਾਹਿਲ ਨੂੰ ਈਮੇਲ ਰਾਹੀਂ ਨੌਕਰੀ ਤੋਂ ਕੱਢਣ ਦਾ ਪੱਤਰ ਭੇਜਿਆ ਗਿਆ। ਕੰਪਨੀ ਨੇ ਪੱਤਰ ਵਿੱਚ ਦੋਸ਼ ਲਗਾਇਆ ਕਿ ਉਸਦਾ ਵਿਹਾਰ ਅਣਉਚਿਤ ਸੀ ਅਤੇ ਉਸਨੇ ਕੰਪਨੀ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਕੰਪਨੀ ਨੇ ਉਸਨੂੰ ਤੁਰੰਤ ਸਾਰੇ ਦਸਤਾਵੇਜ਼, ਆਈਡੀ ਕਾਰਡ ਅਤੇ ਹੋਰ ਸਮਾਨ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ।
ਦੂਜੇ ਪਾਸੇ, ਲੁਧਿਆਣਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਸ਼ੀਸ਼ ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਫੂਡ ਸੇਫਟੀ ਐਕਟ ਅਧੀਨ ਐਕਸਪਾਇਰਡ ਖਾਦ ਪਦਾਰਥ ਵੇਚਣਾ ਜਾਂ ਪਰੋਸਣਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਅਗਲੇ ਇੱਕ ਤੋਂ ਦੋ ਦਿਨਾਂ ਵਿੱਚ ਕੰਪਨੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.