ਤਾਜਾ ਖਬਰਾਂ
ਫਿਰੋਜ਼ਪੁਰ ਦੇ ਇੱਕ ਨਿੱਜੀ ਸੰਧੂ ਹਸਪਤਾਲ ਵਿੱਚ 14 ਦਿਨਾਂ ਦੇ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਹੰਗਾਮਾ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ। ਪਰਿਵਾਰ ਦਾ ਦਾਅਵਾ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਬੱਚੇ ਦੀ ਜਾਨ ਗਈ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚਾ 1 ਮਈ ਤੋਂ ਹਸਪਤਾਲ ਵਿੱਚ ਦਾਖਲ ਸੀ ਅਤੇ ਉਹ ਹਰ ਰੋਜ਼ ਉਸਦੀ ਸਿਹਤ ਬਾਰੇ ਜਾਣਕਾਰੀ ਲੈਂਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਕਿ ਬੱਚੇ ਦੀ ਹਾਲਤ ਸਥਿਰ ਹੈ, ਪਰ ਅਚਾਨਕ ਬਾਅਦ ਵਿੱਚ ਬੱਚੇ ਦੀ ਮੌਤ ਦੀ ਖਬਰ ਦੇ ਦਿੱਤੀ ਗਈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ 14 ਦਿਨਾਂ ਤੱਕ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਬੱਚੇ ਦੀ ਕਿਡਨੀ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਉਸਨੂੰ ਪਿਸ਼ਾਬ ਨਾ ਆਉਣ ਦੀ ਸਮੱਸਿਆ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਕਰਵਾਏ ਗਏ ਸਕੈਨਾਂ ਵਿੱਚ ਬੱਚਾ ਸਿਹਤਮੰਦ ਸੀ। ਉਨ੍ਹਾਂ ਮੁਤਾਬਕ ਸਿਰਫ ਮਾਂ ਦੇ ਗਰਭ ਵਿੱਚ ਆਕਸੀਜਨ ਘੱਟ ਮਿਲਣ ਦੀ ਸਮੱਸਿਆ ਸੀ, ਪਰ ਬੱਚੇ ਦੀ ਹੋਰ ਕੋਈ ਵੱਡੀ ਤਕਲੀਫ਼ ਨਹੀਂ ਸੀ। ਹੁਣ ਉਹ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਉੱਧਰ ਹਸਪਤਾਲ ਦੇ ਮੁੱਖ ਡਾਕਟਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਸਪਤਾਲ ਵੱਲੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੱਚਾ ਪਹਿਲੇ ਦਿਨ ਤੋਂ ਹੀ ਗੰਭੀਰ ਹਾਲਤ ਵਿੱਚ ਸੀ ਅਤੇ ਵੈਂਟੀਲੇਟਰ ‘ਤੇ ਇਲਾਜ ਅਧੀਨ ਸੀ। ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਬਾਰੇ ਪਰਿਵਾਰ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਦਿੱਤੀ ਜਾਂਦੀ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪਰਿਵਾਰ ਚਾਹੇ ਤਾਂ ਪੋਸਟਮਾਰਟਮ ਅਤੇ ਮੈਡੀਕਲ ਜਾਂਚ ਕਰਵਾ ਸਕਦਾ ਹੈ, ਅਤੇ ਜੇਕਰ ਹਸਪਤਾਲ ਦੀ ਕੋਈ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਹ ਕਾਰਵਾਈ ਭੁਗਤਣ ਲਈ ਤਿਆਰ ਹਨ।
ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੇ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.