ਤਾਜਾ ਖਬਰਾਂ
ਫਤਿਹਗੜ੍ਹ ਚੂੜੀਆਂ ਰੋਡ ਸਥਿਤ ਨੰਗਲੀ ਭੱਠੇ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ 28 ਸਾਲਾ ਨੌਜਵਾਨ ਨੇ ਪੁਲਿਸ ਥਾਣੇ ਦੇ ਅੰਦਰ ਹੀ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਪਛਾਣ ਜੱਜ ਸਿੰਘ ਵਜੋਂ ਹੋਈ ਹੈ, ਜਿਸ ਦੀ ਹਾਲਤ ਇਸ ਵੇਲੇ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਹ ਹਸਪਤਾਲ ਵਿੱਚ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ।
ਪੀੜਤ ਪਰਿਵਾਰ ਅਨੁਸਾਰ ਜੱਜ ਸਿੰਘ ਦਾ ਕਰੀਬ ਇੱਕ ਸਾਲ ਪਹਿਲਾਂ ਇਲਾਕੇ ਦੀ ਹੀ ਇੱਕ ਲੜਕੀ ਨਾਲ ਰਿਸ਼ਤਾ ਹੋਇਆ ਸੀ। ਕੁਝ ਸਮਾਂ ਸਭ ਠੀਕ ਰਿਹਾ, ਪਰ ਬਾਅਦ ਵਿੱਚ ਲੜਕੀ ਵਾਲਿਆਂ ਨੇ ਰਿਸ਼ਤਾ ਤੋੜ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਲੜਕੀ ਪੱਖ ਵੱਲੋਂ ਨੌਜਵਾਨ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਫੋਨ 'ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਇਸੇ ਵਿਵਾਦ ਦੇ ਸਬੰਧ ਵਿੱਚ ਜਦੋਂ ਮਾਮਲਾ ਥਾਣੇ ਪਹੁੰਚਿਆ, ਤਾਂ ਮਾਨਸਿਕ ਦਬਾਅ ਹੇਠ ਆ ਕੇ ਜੱਜ ਸਿੰਘ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਜੱਜ ਸਿੰਘ ਨੇ ਥਾਣੇ ਅੰਦਰ ਦਵਾਈ ਨਿਗਲੀ, ਤਾਂ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਨਹੀਂ ਕਰਵਾਈ। ਪਰਿਵਾਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਥਾਣੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਘਟਨਾ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਗਈ। ਮਿੱਠੂ ਨਾਮਕ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਜੱਜ ਸਿੰਘ ਕਾਫੀ ਸਮੇਂ ਤੋਂ ਤਣਾਅ ਵਿੱਚ ਸੀ ਅਤੇ ਪੁਲਿਸ ਨੇ ਉਸ ਦੀ ਗੱਲ ਸੁਣਨ ਦੀ ਬਜਾਏ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸ ਸਮੇਂ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਲਗਾਤਾਰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਲੜਕੇ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਲਈ ਮਜਬੂਰ ਕਰਨ ਵਾਲਿਆਂ ਅਤੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Get all latest content delivered to your email a few times a month.