ਤਾਜਾ ਖਬਰਾਂ
ਕੈਨੇਡਾ ਦੀ ਸਰੀ ਪੁਲਿਸ ਸਰਵਿਸ (SPS) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜਬਰਨ ਉਗਰਾਹੀ (Extortion) ਅਤੇ ਗੋਲੀਬਾਰੀ ਦੇ ਦੋਸ਼ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਨੌਜਵਾਨ ਇੱਕ ਅਪਰਾਧਿਕ ਨੈੱਟਵਰਕ ਦਾ ਹਿੱਸਾ ਹਨ, ਜੋ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਘਟਨਾ 22 ਅਪ੍ਰੈਲ ਦੀ ਰਾਤ ਕਰੀਬ 12:40 ਵਜੇ ਦੀ ਹੈ, ਜਦੋਂ ਸਰੀ ਦੇ 13400 ਬਲਾਕ 87ਏ ਐਵੇਨਿਊ ਸਥਿਤ ਇੱਕ ਰਿਹਾਇਸ਼ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਘਰ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਪਹਿਲਾਂ ਜਬਰਨ ਉਗਰਾਹੀ ਲਈ ਧਮਕੀਆਂ ਮਿਲ ਰਹੀਆਂ ਸਨ। ਇਸ ਗੋਲੀਬਾਰੀ ਵਿੱਚ ਘਰ ਅਤੇ ਇੱਕ ਵਾਹਨ ਨੂੰ ਨੁਕਸਾਨ ਪਹੁੰਚਿਆ, ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਐਕਸਟੌਰਸ਼ਨ ਰਿਸਪਾਂਸ ਟੀਮ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਯੂਨਿਟਾਂ ਦੀ ਮਦਦ ਨਾਲ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:
ਦਮਨਜੀਤ ਸਿੰਘ (22 ਸਾਲ): ਇਸ 'ਤੇ ਗੋਲੀ ਚਲਾਉਣ ਅਤੇ ਬਿਨਾਂ ਲਾਇਸੈਂਸ ਹਥਿਆਰ ਰੱਖਣ ਦੇ ਦੋਸ਼ ਹਨ। ਇਸ ਨੂੰ 19 ਮਈ, 2026 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪਰਦਮਨ ਸਿੰਘ (30 ਸਾਲ): ਇਸ ਵਿਰੁੱਧ ਵੀ ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਦੀ ਅਦਾਲਤੀ ਪੇਸ਼ੀ 1 ਜੂਨ, 2026 ਨੂੰ ਤੈਅ ਕੀਤੀ ਗਈ ਹੈ।
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ੀ ਨਾਗਰਿਕ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਦੇਸ਼ ਨਿਕਾਲੇ (Deportation) ਦੀ ਪ੍ਰਕਿਰਿਆ ਲਈ CBSA ਨੂੰ ਵੀ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਕੈਨੇਡਾ ਦੀਆਂ ਜਾਂਚ ਏਜੰਸੀਆਂ ਨੇ ਇੱਕ ਵਿਸ਼ੇਸ਼ ਬੁਲੇਟਿਨ ਜਾਰੀ ਕਰਦਿਆਂ ਖ਼ੁਲਾਸਾ ਕੀਤਾ ਹੈ ਕਿ ਭਾਰਤ ਤੋਂ ਸਟੱਡੀ ਪਰਮਿਟ 'ਤੇ ਆਏ ਵਿੱਤੀ ਤੌਰ 'ਤੇ ਕਮਜ਼ੋਰ ਨੌਜਵਾਨਾਂ ਨੂੰ ਸਥਾਨਕ ਗੈਂਗਾਂ ਦੁਆਰਾ 'ਫੁੱਟ ਸੋਲਜਰਜ਼' ਵਜੋਂ ਵਰਤਿਆ ਜਾ ਰਿਹਾ ਹੈ। ਇਹ ਗੈਂਗ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਹੀ ਭਾਈਚਾਰੇ ਵਿਰੁੱਧ ਹਿੰਸਾ ਲਈ ਉਕਸਾਉਂਦੇ ਹਨ।
ਸਰੀ ਪੁਲਿਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਆਮ ਲੋਕਾਂ ਅਤੇ ਗਵਾਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਤਾਂ ਜੋ ਇਸ ਅਪਰਾਧਿਕ ਗਠਜੋੜ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਜਾ ਸਕੇ।
Get all latest content delivered to your email a few times a month.