ਤਾਜਾ ਖਬਰਾਂ
ਮਲੋਟ ਵਾਟਰ ਵਰਕਸ ਰੋਡ 'ਤੇ ਸਥਿਤ ਭਾਜਪਾ ਆਗੂ ਰਾਘਵ ਗੋਇਲ ਦੇ ਨਿਵਾਸ ਸਥਾਨ 'ਤੇ ਚੰਡੀਗੜ੍ਹ ਸੀਬੀਆਈ (CBI) ਦੀ ਟੀਮ ਵੱਲੋਂ ਅਚਨਚੇਤ ਛਾਪੇਮਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐੱਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਸੋਮਵਾਰ ਦੇਰ ਰਾਤ ਤੱਕ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਭ੍ਰਿਸ਼ਟਾਚਾਰ ਰੋਕੂ ਐਕਟ (PC Act) ਦੇ ਤਹਿਤ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ।
ਸੂਤਰਾਂ ਅਨੁਸਾਰ, ਸੀਬੀਆਈ ਦੀ ਟੀਮ ਸੋਮਵਾਰ ਸ਼ਾਮ ਨੂੰ ਰਾਘਵ ਗੋਇਲ ਦੇ ਘਰ ਪਹੁੰਚੀ ਅਤੇ ਰਾਤ ਕਰੀਬ 1 ਵਜੇ ਤੱਕ ਜਾਂਚ ਪ੍ਰਕਿਰਿਆ ਜਾਰੀ ਰਹੀ। ਜਾਂਚ ਦੌਰਾਨ ਰਾਘਵ ਗੋਇਲ ਅਤੇ ਉਨ੍ਹਾਂ ਦੇ ਪਿਤਾ ਵਿਕਾਸ ਗੋਇਲ ਘਰ ਵਿੱਚ ਮੌਜੂਦ ਨਹੀਂ ਸਨ। ਟੀਮ ਨੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਅਤੇ ਮੌਕੇ 'ਤੇ ਮੌਜੂਦ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ। ਜਾਣਕਾਰੀ ਮੁਤਾਬਕ, ਟੀਮ ਆਪਣੇ ਨਾਲ ਕੁਝ ਮਹੱਤਵਪੂਰਨ ਦਸਤਾਵੇਜ਼ ਅਤੇ ਵੱਡੀ ਮਾਤਰਾ ਵਿੱਚ ਨਗਦੀ ਲੈ ਕੇ ਗਈ ਹੈ।
ਇਹ ਛਾਪੇਮਾਰੀ ਸੀਬੀਆਈ ਥਾਣਾ ਚੰਡੀਗੜ੍ਹ ਵਿੱਚ 11 ਮਈ 2026 ਨੂੰ ਦਰਜ ਹੋਈ ਐਫਆਈਆਰ ਨੰਬਰ 12/26 ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਹ ਮਾਮਲਾ ਪੀਸੀ ਐਕਟ (PC Act) ਦੇ ਤਹਿਤ ਦਰਜ ਕੀਤਾ ਗਿਆ ਹੈ, ਜਿਸ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਜਾਂਚ ਦੀਆਂ ਤਾਰਾਂ ਕਿਸੇ ਵੱਡੇ ਵਿੱਤੀ ਲੈਣ-ਦੇਣ ਜਾਂ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਜੁੜੀਆਂ ਹੋ ਸਕਦੀਆਂ ਹਨ।
Get all latest content delivered to your email a few times a month.