ਤਾਜਾ ਖਬਰਾਂ
ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਪਤਾਲਪੁਰੀ ਵਿੱਚ ਬੀਤੀ ਦੇਰ ਰਾਤ ਆਏ ਭਿਆਨਕ ਹਨ੍ਹੇਰੀ-ਤੂਫ਼ਾਨ ਨੇ ਇੱਕ ਗਰੀਬ ਪਰਿਵਾਰ ਦੀਆਂ ਖ਼ੁਸ਼ੀਆਂ ਮਿੱਟੀ ਵਿੱਚ ਮਿਲਾ ਦਿੱਤੀਆਂ। ਤੇਜ਼ ਝੱਖੜ ਕਾਰਨ ਪਰਿਵਾਰ ਦਾ ਨਿਰਮਾਣ ਅਧੀਨ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਪਰਿਵਾਰ ਸੜਕ 'ਤੇ ਆ ਗਿਆ ਹੈ। ਇਸ ਕੁਦਰਤੀ ਆਫ਼ਤ ਨੇ ਨਾ ਸਿਰਫ਼ ਇੱਟਾਂ-ਗਾਰੇ ਦਾ ਢਾਂਚਾ ਡੇਗਿਆ, ਸਗੋਂ ਪਰਿਵਾਰ ਦੇ ਸਾਲਾਂ ਦੇ ਸੁਪਨੇ ਵੀ ਚਕਨਾਚੂਰ ਕਰ ਦਿੱਤੇ ਹਨ।
ਪੀੜਤ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਬੜੇ ਚਾਵਾਂ ਨਾਲ ਆਪਣੇ ਬੱਚਿਆਂ ਲਈ ਸਿਰ ਢਕਣ ਲਈ ਛੱਤ ਤਿਆਰ ਕਰ ਰਹੇ ਸਨ। ਪਰਿਵਾਰ ਦੇ ਮੁਖੀ ਅਨੁਸਾਰ, ਉਨ੍ਹਾਂ ਕੋਲ ਜਮ੍ਹਾ ਪੰਜ ਲੱਖ ਰੁਪਏ ਤੋਂ ਇਲਾਵਾ ਉਨ੍ਹਾਂ ਨੇ ਆੜਤੀਏ ਕੋਲੋਂ 10 ਲੱਖ ਰੁਪਏ ਵਿਆਜ਼ 'ਤੇ ਫੜ ਕੇ ਘਰ ਦਾ ਕੰਮ ਸ਼ੁਰੂ ਕਰਵਾਇਆ ਸੀ। ਅਜੇ ਘਰ ਦਾ ਨਿਰਮਾਣ ਅੱਧਾ ਹੀ ਹੋਇਆ ਸੀ ਕਿ ਕੁਦਰਤ ਨੇ ਅਜਿਹਾ ਕਹਿਰ ਢਾਹਿਆ ਕਿ ਸਭ ਕੁਝ ਤਬਾਹ ਹੋ ਗਿਆ।
ਘਟਨਾ ਦੇ ਸਮੇਂ ਨੂੰ ਯਾਦ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੂਫ਼ਾਨ ਇੰਨਾ ਭਿਆਨਕ ਸੀ ਕਿ ਉਨ੍ਹਾਂ ਨੂੰ ਆਪਣੀ ਜਾਨ ਬਚਾਉਣੀ ਵੀ ਮੁਸ਼ਕਿਲ ਹੋ ਗਈ ਸੀ। ਉਨ੍ਹਾਂ ਨੇ ਬੜੀ ਮੁਸ਼ੱਕਤ ਨਾਲ ਆਪਣਾ ਟਰੈਕਟਰ ਮਲਬੇ ਹੇਠ ਆਉਣੋਂ ਬਚਾਇਆ, ਪਰ ਘਰ ਨੂੰ ਨਾ ਬਚਾ ਸਕੇ। ਘਰ ਦੀਆਂ ਡਿੱਗੀਆਂ ਕੰਧਾਂ ਦੇਖ ਕੇ ਬੱਚਿਆਂ ਅਤੇ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰਾ ਪਰਿਵਾਰ ਹੁਣ ਕਰਜ਼ੇ ਦੀ ਪੰਡ ਅਤੇ ਬਿਨਾਂ ਛੱਤ ਦੇ ਜੀਵਨ ਗੁਜ਼ਾਰਨ ਲਈ ਮਜਬੂਰ ਹੈ।
ਪਿੰਡ ਵਾਸੀਆਂ ਨੇ ਵੀ ਇਸ ਦੁਖਦਾਈ ਘਟਨਾ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਅਪੀਲ ਕੀਤੀ ਹੈ ਕਿ ਪਰਿਵਾਰ ਦੇ ਮੁੜ ਵਸੇਬੇ ਲਈ ਸਰਕਾਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਸਿਰ 'ਤੇ ਦੁਬਾਰਾ ਛੱਤ ਪਾ ਸਕਣ ਅਤੇ ਲਏ ਹੋਏ ਕਰਜ਼ੇ ਦੇ ਬੋਝ ਹੇਠੋਂ ਨਿਕਲ ਸਕਣ।
Get all latest content delivered to your email a few times a month.