ਤਾਜਾ ਖਬਰਾਂ
ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲਾ ਫਲਾਵਰ ਇਨਕਲੇਵ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਔਰਤ ਤੋਂ ਸੋਨੇ ਦੀ ਚੇਨ ਖੋਹ ਲਈ। ਜਾਣਕਾਰੀ ਮੁਤਾਬਕ ਪੀੜਤ ਔਰਤ ਆਪਣੀ ਨੂੰਹ ਅਤੇ ਪੋਤੀ ਨਾਲ ਐਕਟਿਵਾ ‘ਤੇ ਖੜੀ ਸੀ, ਜਦੋਂ ਪਿੱਛੇ ਤੋਂ ਆਏ ਲੁਟੇਰਿਆਂ ਨੇ ਅਚਾਨਕ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਔਰਤ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਅਤੇ ਇੱਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਨਿਕਲਿਆ। ਇਸ ਦੌਰਾਨ ਗਲੀ ਵਿੱਚ ਮੌਜੂਦ ਕੁਝ ਨੌਜਵਾਨਾਂ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰਿਆਂ ਨੇ ਤਿੱਖੇ ਹਥਿਆਰ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਅਤੇ ਲੁਟੇਰਿਆਂ ਵਿਚਕਾਰ ਕਾਫੀ ਹੱਥੋਪਾਈ ਵੀ ਹੋਈ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸੇ ਇਲਾਕੇ ਦੀ ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਐਕਟਿਵਾ ਸਵਾਰ ਦੋ ਲੁਟੇਰੇ ਇੱਕ ਪੈਦਲ ਜਾ ਰਹੀ ਔਰਤ ਨਾਲ ਖੋਹ ਕਰਨ ਦੀ ਕੋਸ਼ਿਸ਼ ਕਰਦੇ ਅਤੇ ਉਸ ਨਾਲ ਹੱਥੋਪਾਈ ਕਰਦੇ ਦਿਖਾਈ ਦੇ ਰਹੇ ਹਨ। ਔਰਤ ਨੇ ਵਿਰੋਧ ਕੀਤਾ, ਪਰ ਲੁਟੇਰੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਖੋਹ ਦੀਆਂ ਘਟਨਾਵਾਂ ਕਾਰਨ ਲੋਕ ਖੌਫ ਵਿੱਚ ਹਨ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਅਤੇ ਦਾਅਵਾ ਕੀਤਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.