ਤਾਜਾ ਖਬਰਾਂ
ਮਹਾਰਾਸ਼ਟਰ ਰਾਜ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ (MSBSHSE) ਵੱਲੋਂ 10ਵੀਂ (SSC) ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸੇ ਦੌਰਾਨ, ਦੋ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲੀ ਘਟਨਾ ਮਹਾਰਾਸ਼ਟਰ ਦੇ ਧਾਰਾਸ਼ਿਵ ਦੇ ਭੂਮ ਸ਼ਹਿਰ ਦੀ ਹੈ, ਜਦਕਿ ਦੂਜੀ ਘਟਨਾ ਛਤਰਪਤੀ ਸੰਭਾਜੀਨਗਰ ਦੇ ਪੁੰਡਲਿਕਨਗਰ ਦੀ ਹੈ। ਵਿਦਿਆਰਥੀਆਂ ਦੀ ਖੁਦਕੁਸ਼ੀ ਕਾਰਨ ਪਰਿਵਾਰਾਂ ਵਿੱਚ ਕੋਹਰਾਮ ਮਚ ਗਿਆ ਹੈ।
ਧਾਰਾਸ਼ਿਵ ਦੇ ਭੂਮ ਸ਼ਹਿਰ ਦੇ ਰਵਿੰਦਰ ਹਾਈ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਆਦਿਤਿਆ ਨਿਤਿਨ ਜਾਧਵ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਹਾਲ ਹੀ ਵਿੱਚ ਐਲਾਨੇ ਗਏ SSC ਪ੍ਰੀਖਿਆ ਨਤੀਜਿਆਂ ਵਿੱਚ ਆਦਿਤਿਆ ਨੇ 63.60 ਫੀਸਦੀ ਅੰਕ ਪ੍ਰਾਪਤ ਕੀਤੇ ਸਨ। ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਦਿਤਿਆ ਆਪਣੇ ਨਤੀਜੇ ਤੋਂ ਸੰਤੁਸ਼ਟ ਨਹੀਂ ਸੀ ਅਤੇ ਉਮੀਦ ਤੋਂ ਘੱਟ ਅੰਕ ਆਉਣ ਕਾਰਨ ਮਾਨਸਿਕ ਤਣਾਅ ਵਿੱਚ ਸੀ।
ਦੱਸਿਆ ਜਾ ਰਿਹਾ ਹੈ ਕਿ ਨਤੀਜਾ ਦੇਖਣ ਤੋਂ ਬਾਅਦ ਆਦਿਤਿਆ ਘਰ ਪਰਤਿਆ। ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਇਸੇ ਦੌਰਾਨ ਉਸ ਨੇ ਕਥਿਤ ਤੌਰ 'ਤੇ ਸਾੜੀ ਦੇ ਸਹਾਰੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ 'ਚ ਮਾਤਮ ਛਾ ਗਿਆ। ਸਥਾਨਕ ਲੋਕਾਂ ਅਨੁਸਾਰ ਆਦਿਤਿਆ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਭਵਿੱਖ ਨੂੰ ਲੈ ਕੇ ਉਸ ਦੇ ਕਈ ਸੁਪਨੇ ਸਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
ਦੂਜੀ ਘਟਨਾ ਛਤਰਪਤੀ ਸੰਭਾਜੀਨਗਰ ਦੇ ਪੁੰਡਲਿਕਨਗਰ ਇਲਾਕੇ ਤੋਂ ਸਾਹਮਣੇ ਆਈ ਹੈ। ਇੱਥੇ ਸੋਹਮ ਮੋਰੇ ਨਾਮ ਦੇ ਵਿਦਿਆਰਥੀ ਨੇ ਨਤੀਜਾ ਆਉਣ ਤੋਂ ਪਹਿਲਾਂ ਹੀ ਕਥਿਤ ਤੌਰ 'ਤੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ। ਬਾਅਦ ਵਿੱਚ ਜਦੋਂ ਨਤੀਜਾ ਐਲਾਨਿਆ ਗਿਆ ਤਾਂ ਪਤਾ ਲੱਗਾ ਕਿ ਉਹ 42 ਫੀਸਦੀ ਅੰਕਾਂ ਨਾਲ ਪਾਸ ਹੋ ਗਿਆ ਸੀ। ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੋਹਮ ਪ੍ਰੀਖਿਆ 'ਚ ਫੇਲ ਹੋਣ ਦੇ ਡਰ ਅਤੇ ਨਤੀਜੇ ਨੂੰ ਲੈ ਕੇ ਡੂੰਘੇ ਤਣਾਅ 'ਚ ਸੀ।
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੋਹਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿੱਤੇ ਸਨ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਅਤੇ ਤਣਾਅ 'ਚ ਨਜ਼ਰ ਆ ਰਿਹਾ ਸੀ। ਘਟਨਾ ਤੋਂ ਬਾਅਦ ਪਰਿਵਾਰ ਅਤੇ ਦੋਸਤਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਨ੍ਹਾਂ ਦੋਵਾਂ ਘਟਨਾਵਾਂ ਨੇ ਪ੍ਰੀਖਿਆ ਨਤੀਜਿਆਂ ਦੌਰਾਨ ਵਿਦਿਆਰਥੀਆਂ 'ਤੇ ਪੈਣ ਵਾਲੇ ਮਾਨਸਿਕ ਦਬਾਅ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ 'ਤੇ ਜ਼ਿਆਦਾ ਉਮੀਦਾਂ ਦਾ ਬੋਝ ਪਾਉਣ ਦੀ ਬਜਾਏ ਉਨ੍ਹਾਂ ਦਾ ਮਾਨਸਿਕ ਤੌਰ 'ਤੇ ਸਹਿਯੋਗ ਕਰਨਾ ਚਾਹੀਦਾ ਹੈ। ਨਾਲ ਹੀ ਵਿਦਿਆਰਥੀਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਪ੍ਰੀਖਿਆ ਦਾ ਨਤੀਜਾ ਹੀ ਜ਼ਿੰਦਗੀ ਦਾ ਆਖਰੀ ਸੱਚ ਨਹੀਂ ਹੁੰਦਾ।
Get all latest content delivered to your email a few times a month.