ਤਾਜਾ ਖਬਰਾਂ
ਮੁਹਾਲੀ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੌਰਾਨ ਇੱਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਗੱਡੀ ਦਾ ਚਲਾਨ ਕਰਨਾ ਮਹਿੰਗਾ ਪੈ ਗਿਆ। ਜਾਣਕਾਰੀ ਅਨੁਸਾਰ ਗਿੱਦੜਬਾਹਾ ਤੋਂ ‘ਆਪ’ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਚੰਡੀਗੜ੍ਹ ਤੋਂ ਮੁਹਾਲੀ ਵੱਲ ਆ ਰਹੇ ਸਨ। ਇਸ ਦੌਰਾਨ ਇੱਕ ਚੌਕ ’ਤੇ ਡਿਊਟੀ ਕਰ ਰਹੇ ਟ੍ਰੈਫ਼ਿਕ ਏਐਸਆਈ ਲਖਵੀਰ ਸਿੰਘ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ, ਕਿਉਂਕਿ ਵਾਹਨ ’ਤੇ ਲਾਲ ਬੱਤੀ ਲੱਗੀ ਹੋਈ ਸੀ।
ਜਦੋਂ ਪੁਲਿਸ ਮੁਲਾਜ਼ਮ ਨੇ ਲਾਲ ਬੱਤੀ ਹਟਾਉਣ ਅਤੇ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਵਿਧਾਇਕ ਦੇ ਡਰਾਈਵਰ ਵੱਲੋਂ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਚਰਚਾ ਇਹ ਵੀ ਹੈ ਕਿ ਚਲਾਨ ਕੱਟੇ ਜਾਣ ਤੋਂ ਬਾਅਦ ਵਿਧਾਇਕ ਵੱਲੋਂ ਆਪਣੇ ਸਿਆਸੀ ਪ੍ਰਭਾਵ ਦਾ ਹਵਾਲਾ ਦਿੰਦਿਆਂ ਮੁਲਾਜ਼ਮ ਨੂੰ ਸਸਪੈਂਡ ਕਰਵਾਉਣ ਦੀ ਧਮਕੀ ਦਿੱਤੀ ਗਈ।
ਘਟਨਾ ਤੋਂ ਕੁਝ ਸਮੇਂ ਬਾਅਦ ਹੀ ਸਬੰਧਤ ਥਾਣੇ ਦੇ ਐਸਐਚਓ ਨੇ ਏਐਸਆਈ ਲਖਵੀਰ ਸਿੰਘ ਨੂੰ ਲਾਈਨ ਹਾਜ਼ਰ ਕਰਕੇ ਫੇਜ਼-8 ਥਾਣੇ ਤੋਂ ਪੁਲਿਸ ਲਾਈਨ ਭੇਜ ਦਿੱਤਾ। ਇਸ ਕਾਰਵਾਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਨਿਰਪੱਖਤਾ ਅਤੇ ਸਿਆਸੀ ਦਖਲਅੰਦਾਜ਼ੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
Get all latest content delivered to your email a few times a month.