ਤਾਜਾ ਖਬਰਾਂ
ਚੰਡੀਗੜ੍ਹ/ਅਮ੍ਰਿਤਸਰ 7 ਮਈ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਿਛਲੇ ਦਿਨੀਂ ਪੰਜਾਬ ਵਿੱਚ ਹੋਏ ਧਮਾਕਿਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪੂਰੇ ਪੰਜਾਬ ਅਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿ ਆਖਿਰ ਜਦੋਂ ਵੀ ਦੇਸ਼ ਜਾਂ ਕਿਸੇ ਰਾਜ ਵਿੱਚ ਚੋਣਾਂ ਨੇੜੇ ਆਉਂਦੀਆਂ ਹਨ, ਉਦੋਂ ਹੀ ਇਹ ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਕਿਉਂ ਹੁੰਦੇ ਹਨ?
ਧਾਲੀਵਾਲ ਨੇ ਕਿ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਜਨਤਾ ਨੂੰ ਡਰਾ ਕੇ ਅਤੇਦੇਸ਼ ਵਿੱਚ ਤਣਾਅਪੂਰਨ ਮਾਹੌਲ ਪੈਦਾ ਕਰਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਗੰਦੀ ਰਾਜਨੀਤੀ ਕਰ ਰਹੀ ਹੈ।
ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਸਿਲਸਿਲੇਵਾਰ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਾਹੇ ਪਠਾਨਕੋਟ ਏਅਰਬੇਸ ਦਾ ਹਮਲਾ ਹੋਵੇ, ਪੁਲਵਾਮਾ, ਦੀਨਾਨਗਰ ਜਾਂ ਪਹਿਲਗਾਮ ਦਾ ਹਮਲਾ ਹੋਵੇ, ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਸਾਡੇ ਬਹਾਦਰ ਜਵਾਨ ਸ਼ਹੀਦ ਹੋਏ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਸਾਰੀਆਂ ਘਟਨਾਵਾਂ ਚੋਣਾਂ ਦੇ ਸਮੇਂ ਹੀ ਕਿਉਂ ਵਾਪਰਦੀਆਂ ਹਨ?ਉਨ੍ਹਾਂ ਭਾਜਪਾ 'ਤੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਅਤੇ ਉਸ ਦਾ 'ਗੁੰਡਾ ਗਿਰੋਹ' ਚੋਣ ਲਾਭ ਲਈ ਕੇਂਦਰੀ ਏਜੰਸੀਆਂ ਰਾਹੀਂ ਸਰਗਰਮ ਹੋ ਜਾਂਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਸ਼ਹਿ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਹੈ।
ਬੀਐੱਸਐੱਫ ਦੇ ਅਧਿਕਾਰ ਖੇਤਰ 'ਤੇ ਹਮਲਾ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਦੋਂ ਗ੍ਰਹਿ ਮੰਤਰਾਲੇ ਨੇ ਬੀ.ਐੱਸ.ਐੱਫ. ਦਾ ਦਾਇਰਾ ਵਧਾ ਕੇ 50 ਕਿਲੋਮੀਟਰ ਕੀਤਾ ਸੀ, ਉਦੋਂ ਤਰਕ ਦਿੱਤਾ ਗਿਆ ਸੀ ਕਿ ਇਹ ਡਰੋਨ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਜ਼ਰੂਰੀ ਹੈ, ਪਰ ਅੱਜ ਹਕੀਕਤ ਸਭ ਦੇ ਸਾਹਮਣੇ ਹੈ। ਸਾਡੇ ਜਵਾਨ ਸਰਹੱਦ 'ਤੇ ਪੂਰੀ ਮੁਸਤੈਦੀ ਨਾਲ ਖੜ੍ਹੇ ਹਨ ਅਤੇ ਸ਼ਹਾਦਤ ਦੇ ਰਹੇ ਹਨ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਅੱਜ ਤੱਕ ਆਧੁਨਿਕ ਤਕਨੀਕ ਅਤੇ 'ਐਂਟੀ-ਡਰੋਨ ਸਿਸਟਮ' ਮੁਹੱਈਆ ਨਹੀਂ ਕਰਵਾਇਆ। ਕੇਂਦਰ ਦੀ ਨਾਕਾਮੀ ਕਾਰਨ ਸਰਹੱਦ ਪਾਰੋਂ ਆਉਣ ਵਾਲੇ ਡਰੋਨ ਜਵਾਨਾਂ ਦੇ ਸਿਰਾਂ ਦੇ ਉੱਪਰੋਂ ਲੰਘ ਜਾਂਦੇ ਹਨ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਬੇਵੱਸ ਨਜ਼ਰ ਆਉਂਦੀਆਂ ਹਨ।
ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਲਿਖਤੀ ਪੱਤਰਾਂ ਰਾਹੀਂ ਕੇਂਦਰ ਤੋਂ ਹਾਈ-ਟੈਕ ਹਥਿਆਰਾਂ ਅਤੇ ਐਂਟੀ-ਡਰੋਨ ਤਕਨੀਕ ਦੀ ਮੰਗ ਕੀਤੀ ਹੈ, ਪਰ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਪੰਜਾਬ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕੀਤਾ ਹੈ। ਧਾਲੀਵਾਲ ਨੇ ਪੁੱਛਿਆ ਕਿ ਕੀ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੀ 532 ਕਿਲੋਮੀਟਰ ਲੰਬੀ ਸਰਹੱਦ ਨੂੰ ਅਸੁਰੱਖਿਅਤ ਰੱਖਣਾ ਚਾਹੁੰਦੀ ਹੈ ਤਾਂ ਜੋ ਆਪਣੀਆਂ ਸਿਆਸੀ ਰੋਟੀਆਂ ਸੇਕ ਸਕੇ?
ਧਾਲੀਵਾਲ ਨੇ ਅੰਤ ਵਿੱਚ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਪਠਾਨਕੋਟ ਤੋਂ 3 ਏਕੇ-47, ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਹਨ, ਜੋ ਡਰੋਨ ਰਾਹੀਂ ਭੇਜੇ ਗਏ ਸਨ। ਇਹ ਸਾਫ ਕਰਦਾ ਹੈ ਕਿ ਸਾਜ਼ਿਸ਼ ਡੂੰਘੀ ਹੈ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਪਿਛਲੇ ਸਾਰੇ ਹਮਲਿਆਂ ਦੀ ਜਾਂਚ ਦਾ ਕੀ ਹੋਇਆ? ਕੇਂਦਰ ਸਰਕਾਰ ਸਿਰਫ ਜਾਂਚ ਦਾ ਢੌਂਗ ਕਰਦੀ ਹੈ ਅਤੇ ਬਾਅਦ ਵਿੱਚ ਫਾਈਲਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੰਦੀ ਹੈ। ਇਹ ਸਪੱਸ਼ਟ ਹੈ ਕਿ ਇਹ ਹਮਲੇ ਅਤੇ ਸਾਜ਼ਿਸ਼ਾਂ ਭਾਜਪਾ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹਨ, ਜਿਸ ਦਾ ਮਕਸਦ ਸਿਰਫ ਚੋਣਾਂ ਜਿੱਤਣਾ ਹੈ, ਨਾ ਕਿ ਦੇਸ਼ ਦੀ ਸੁਰੱਖਿਆ।
Get all latest content delivered to your email a few times a month.