ਤਾਜਾ ਖਬਰਾਂ
ਫਰੀਦਕੋਟ ਦੇ ਪ੍ਰਾਚੀਨ ਹਨੂਮਾਨ ਮੰਦਿਰ ਅੰਦਰ ਚੱਲ ਰਹੀ ਗਊਸ਼ਾਲਾ ਆਨੰਦਿਆਣਾ ਵਿੱਚ ਉਸ ਸਮੇਂ ਚਿੰਤਾ ਦਾ ਮਾਹੌਲ ਬਣ ਗਿਆ, ਜਦੋਂ ਬਿਜਲੀ ਵਿਭਾਗ ਨੇ ਬਕਾਇਆ ਬਿੱਲ ਦੇ ਕਾਰਨ ਗਊਸ਼ਾਲਾ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ। ਬਿਜਲੀ ਕੱਟੇ ਜਾਣ ਕਾਰਨ ਗਊਸ਼ਾਲਾ ਦੇ ਰੋਜ਼ਾਨਾ ਸੇਵਾ ਕਾਰਜਾਂ ‘ਤੇ ਗੰਭੀਰ ਅਸਰ ਪਿਆ ਹੈ ਅਤੇ ਸੈਂਕੜਿਆਂ ਬੇਸਹਾਰਾ ਗਊਆਂ ਲਈ ਪਾਣੀ, ਚਾਰੇ ਅਤੇ ਗਰਮੀ ਤੋਂ ਬਚਾਅ ਦੀ ਸਮੱਸਿਆ ਖੜੀ ਹੋ ਗਈ ਹੈ।
ਗਊਸ਼ਾਲਾ ਪ੍ਰਬੰਧਕਾਂ ਮੁਤਾਬਕ ਬਿਜਲੀ ਬੰਦ ਹੋਣ ਨਾਲ ਪਾਣੀ ਵਾਲੀਆਂ ਮੋਟਰਾਂ, ਪੱਖੇ ਅਤੇ ਪੱਠੇ ਕੁਤਰਨ ਵਾਲੀਆਂ ਮਸ਼ੀਨਾਂ ਕੰਮ ਕਰਨਾ ਬੰਦ ਕਰ ਗਈਆਂ ਹਨ। ਇਸ ਕਾਰਨ ਪਸ਼ੂਆਂ ਦੀ ਸੰਭਾਲ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਸੇਵਾਦਾਰ ਵੀ ਚਿੰਤਤ ਨਜ਼ਰ ਆ ਰਹੇ ਹਨ।
ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਅਕਾਲੀ ਆਗੂ ਬੰਟੀ ਰੋਮਾਣਾ ਗਊਸ਼ਾਲਾ ਪਹੁੰਚੇ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੀ ਕਾਰਵਾਈ ਦੀ ਆਲੋਚਨਾ ਕੀਤੀ। ਰੋਮਾਣਾ ਨੇ ਕਿਹਾ ਕਿ ਗਊਸ਼ਾਲਾ ‘ਤੇ ਕਰੀਬ ਚਾਰ ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਦੱਸ ਕੇ ਕਨੈਕਸ਼ਨ ਕੱਟਿਆ ਗਿਆ ਹੈ, ਜਦਕਿ ਪਹਿਲਾਂ ਕਦੇ ਵੀ ਗਊਸ਼ਾਲਾਵਾਂ ਤੋਂ ਇਸ ਤਰ੍ਹਾਂ ਬਿੱਲ ਵਸੂਲ ਨਹੀਂ ਕੀਤਾ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਤੋਂ “ਕਾਉ ਸੈਸ” ਦੇ ਨਾਂ ‘ਤੇ ਰਕਮ ਇਕੱਠੀ ਕਰ ਰਹੀ ਹੈ ਪਰ ਗਊਸ਼ਾਲਾਵਾਂ ਦੀ ਮਦਦ ਲਈ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ। ਰੋਮਾਣਾ ਨੇ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਗਊਆਂ ਨੂੰ ਭਾਰੀ ਗਰਮੀ ਵਿੱਚ ਤਕਲੀਫਾਂ ਝੱਲਣੀਆਂ ਪੈ ਰਹੀਆਂ ਹਨ।
ਇਸ ਦੌਰਾਨ ਕੁਝ ਸਮਾਜ ਸੇਵੀਆਂ ਵੱਲੋਂ ਆਪਣੇ ਪੱਧਰ ‘ਤੇ ਚਾਰੇ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੰਟੀ ਰੋਮਾਣਾ ਨੇ ਭਰੋਸਾ ਦਿੱਤਾ ਕਿ ਉਹ ਬਿਜਲੀ ਵਿਭਾਗ ਨਾਲ ਗੱਲਬਾਤ ਕਰਕੇ ਜਲਦੀ ਹੀ ਗਊਸ਼ਾਲਾ ਦਾ ਕਨੈਕਸ਼ਨ ਦੁਬਾਰਾ ਚਲਵਾਉਣ ਦੀ ਕੋਸ਼ਿਸ਼ ਕਰਨਗੇ।
Get all latest content delivered to your email a few times a month.