ਤਾਜਾ ਖਬਰਾਂ
ਡੇਰਾਬੱਸੀ : ਨੇੜਲੇ ਪਿੰਡ ਭਾਂਖਰਪੁਰ ਦੇ ਬੱਸ ਸਟੈਂਡ 'ਤੇ ਅੱਜ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪੁਰਾਣੇ ਵਿਵਾਦ ਦੇ ਚਲਦਿਆਂ ਇੱਕ 52 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਤਰਸੇਮ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ ਨਾਮਜ਼ਦ ਪਿਓ-ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ, ਤਰਸੇਮ ਸਿੰਘ ਆਪਣਾ ਮੋਟਰਸਾਈਕਲ ਠੀਕ ਕਰਵਾਉਣ ਲਈ ਬੱਸ ਸਟੈਂਡ ਸਥਿਤ ਇੱਕ ਮੈਕੇਨਿਕ ਦੀ ਦੁਕਾਨ 'ਤੇ ਗਿਆ ਸੀ। ਉੱਥੇ ਹੀ ਬਿਜਲੀ ਦੀ ਦੁਕਾਨ ਚਲਾਉਣ ਵਾਲੇ ਮੋਹਨ ਸਿੰਘ ਅਤੇ ਉਸ ਦੇ ਪੁੱਤਰ ਬਲਜੀਤ ਸਿੰਘ ਨਾਲ ਤਰਸੇਮ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਗੁੱਸੇ ਵਿੱਚ ਆਏ ਪਿਓ-ਪੁੱਤ ਨੇ ਤਰਸੇਮ ਸਿੰਘ ਦੀ ਛਾਤੀ ਵਿੱਚ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮਾਂ ਦਾ ਮ੍ਰਿਤਕ ਦੇ ਭਤੀਜੇ ਨਾਲ ਪੈਸਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਮਸਲੇ ਨੂੰ ਹੱਲ ਕਰਨ ਲਈ ਪਹਿਲਾਂ ਪੰਚਾਇਤ ਵੀ ਬੁਲਾਈ ਗਈ ਸੀ, ਪਰ ਰੰਜਿਸ਼ ਖ਼ਤਮ ਨਹੀਂ ਹੋਈ। ਇਲਾਕਾ ਨਿਵਾਸੀਆਂ ਮੁਤਾਬਕ ਤਰਸੇਮ ਸਿੰਘ ਇੱਕ ਸ਼ਾਂਤ ਅਤੇ ਧਾਰਮਿਕ ਸੁਭਾਅ ਦਾ ਵਿਅਕਤੀ ਸੀ, ਜਿਸ ਨੂੰ ਭਤੀਜੇ ਦੀ ਦੁਸ਼ਮਣੀ ਕਾਰਨ ਆਪਣੀ ਜਾਨ ਗੁਆਉਣੀ ਪਈ।
ਵਾਰਦਾਤ ਦੇ ਸਮੇਂ ਪੁਲਿਸ ਪਾਰਟੀ ਨੇੜੇ ਹੀ ਨਾਕੇ 'ਤੇ ਮੌਜੂਦ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਹੂ-ਲੁਹਾਨ ਹਾਲਤ ਵਿੱਚ ਤਰਸੇਮ ਸਿੰਘ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਸਮਿਤ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਿਰਾਸਤ ਵਿੱਚ ਲਏ ਗਏ ਪਿਓ-ਪੁੱਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
Get all latest content delivered to your email a few times a month.