ਤਾਜਾ ਖਬਰਾਂ
ਕੌਮਾਂਤਰੀ ਪੱਧਰ 'ਤੇ ਨਾਮ ਖੱਟਣ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਅਤੇ ਧਮਕੀਆਂ ਦੇ ਘੇਰੇ ਵਿੱਚ ਹਨ। ਖਾਲਿਸਤਾਨੀ ਜਥੇਬੰਦੀ 'ਸਿੱਖਸ ਫਾਰ ਜਸਟਿਸ' (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਦਿਲਜੀਤ ਦੋਸਾਂਝ ਨੂੰ ਉਸ ਦੇ ਚੱਲ ਰਹੇ 'ਔਰਾ ਵਰਲਡ ਟੂਰ 2026' ਦੇ ਸਬੰਧ ਵਿੱਚ ਸਿੱਧੀ ਚੁਣੌਤੀ ਦਿੱਤੀ ਹੈ। ਕੈਨੇਡਾ ਵਿੱਚ ਸ਼ੋਅ ਦੌਰਾਨ ਹੋਏ ਵਿਰੋਧ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਗਈ ਹੈ।
ਅੱਤਵਾਦੀ ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਦਿਲਜੀਤ ਦੋਸਾਂਝ ਦੀ 'ਜ਼ਮੀਰ' 'ਤੇ ਸਵਾਲ ਚੁੱਕਦਿਆਂ ਉਸ ਨੂੰ ਹੰਕਾਰੀ ਦੱਸਿਆ। ਪੰਨੂ ਨੇ ਵਿਸ਼ੇਸ਼ ਤੌਰ 'ਤੇ ਦਿਲਜੀਤ ਵੱਲੋਂ "ਮੇਰਾ ਭਾਰਤ ਮਹਾਨ" ਕਹਿਣ ਅਤੇ ਅਮਿਤਾਭ ਬੱਚਨ ਦੇ ਪੈਰ ਛੂਹਣ 'ਤੇ ਇਤਰਾਜ਼ ਜਤਾਇਆ ਹੈ। ਪੰਨੂ ਨੇ ਕਿਹਾ ਕਿ ਦਿਲਜੀਤ ਨੇ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਨੂੰ ਝੰਡੇ ਹੇਠਾਂ ਕਰਨ ਲਈ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ, "ਸਮਾਂ ਤੁਹਾਨੂੰ ਦੱਸੇਗਾ ਕਿ ਤੁਹਾਡਾ ਹੰਕਾਰ ਹੀ ਤੁਹਾਨੂੰ ਕੁਚਲ ਦੇਵੇਗਾ।"
ਜ਼ਿਕਰਯੋਗ ਹੈ ਕਿ ਦਿਲਜੀਤ ਦੇ 23 ਅਤੇ 30 ਅਪ੍ਰੈਲ ਨੂੰ ਵੈਨਕੂਵਰ ਅਤੇ ਕੈਲਗਰੀ ਵਿੱਚ ਹੋਏ ਲਾਈਵ ਸ਼ੋਅਜ਼ ਦੌਰਾਨ ਕੁਝ ਲੋਕਾਂ ਵੱਲੋਂ ਖਾਲਿਸਤਾਨੀ ਝੰਡੇ ਅਤੇ ਪੋਸਟਰ ਦਿਖਾ ਕੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਕੈਲਗਰੀ ਦੇ ਸ਼ੋਅ ਵਿੱਚ ਜਦੋਂ ਪ੍ਰਦਰਸ਼ਨਕਾਰੀਆਂ ਨੇ ਝੰਡੇ ਦਿਖਾਏ, ਤਾਂ ਦਿਲਜੀਤ ਨੇ ਸਟੇਜ ਤੋਂ ਹੀ ਸਖ਼ਤ ਰੁਖ਼ ਅਖਤਿਆਰ ਕੀਤਾ ਸੀ।
ਵਿਰੋਧ ਕਰਨ ਵਾਲਿਆਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ ਕਿ ਜਦੋਂ ਵੀ ਉਸ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਮੀਡੀਆ 'ਤੇ ਪੰਜਾਬ ਬਾਰੇ ਬੋਲਣ ਦਾ ਮੌਕਾ ਮਿਲਿਆ, ਉਸ ਨੇ ਹਮੇਸ਼ਾ ਪੰਜਾਬ ਦਾ ਪੱਖ ਰੱਖਿਆ ਹੈ। ਉਸ ਨੇ ਕਿਹਾ, "ਜੇਕਰ ਕੋਈ ਪੰਜਾਬ ਪ੍ਰਤੀ ਪਿਆਰ ਕਰਕੇ ਮੈਨੂੰ ਝੰਡੇ ਦਿਖਾਉਣਾ ਚਾਹੁੰਦਾ ਹੈ ਤਾਂ ਦਿਖਾਵੇ, ਮੈਨੂੰ ਕੋਈ ਪਰਵਾਹ ਨਹੀਂ। ਪਰ ਜੇਕਰ ਕੋਈ ਪੰਜਾਬ ਬਾਰੇ ਬੋਲਣ 'ਤੇ ਮੇਰਾ ਵਿਰੋਧ ਕਰਦਾ ਹੈ, ਤਾਂ ਮੈਂ ਉਸ ਲਈ ਵੀ ਤਿਆਰ ਹਾਂ।" ਦਿਲਜੀਤ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਦੇਸ਼ ਅਤੇ ਸੂਬੇ ਪ੍ਰਤੀ ਪਿਆਰ ਕਾਰਨ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ।
ਇਸ ਘਟਨਾ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕਾਂ ਅਤੇ ਭਾਰਤੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਦਕਿ ਸੁਰੱਖਿਆ ਏਜੰਸੀਆਂ ਅਗਲੇ ਸ਼ੋਅਜ਼ ਨੂੰ ਲੈ ਕੇ ਚੌਕਸ ਹੋ ਗਈਆਂ ਹਨ।
Get all latest content delivered to your email a few times a month.