ਤਾਜਾ ਖਬਰਾਂ
ਸਿੱਖ ਪੰਥ ਦੀ ਸਰਵੋਚ ਅਥਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਮਹੱਤਵਪੂਰਨ ਅਤੇ ਸਖ਼ਤ ਕਦਮ ਚੁੱਕਦਿਆਂ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ 2026 ਨੂੰ ਸਵੇਰੇ 10 ਵਜੇ ਨਿੱਜੀ ਤੌਰ ‘ਤੇ ਤਲਬ ਕੀਤਾ ਗਿਆ ਹੈ। ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਸੰਸਥਾ ਦੇ ਕੁਝ ਪ੍ਰਬੰਧਕੀ ਮੈਂਬਰਾਂ ਦੇ ਅੰਮ੍ਰਿਤਧਾਰੀ ਨਾ ਹੋਣ ਸਬੰਧੀ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਈਆਂ।
ਜਾਣਕਾਰੀ ਮੁਤਾਬਕ, ਇਸ ਤੋਂ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਜਨਵਰੀ ਮਹੀਨੇ ਵਿੱਚ ਪੱਤਰ ਜਾਰੀ ਕਰਕੇ ਦੀਵਾਨ ਨੂੰ ਆਪਣੇ ਮੈਂਬਰਾਂ ਦੀ ਧਾਰਮਿਕ ਸਥਿਤੀ ਬਾਰੇ ਪੂਰੀ ਜਾਣਕਾਰੀ ਅਤੇ ਸੂਚੀ ਪੇਸ਼ ਕਰਨ ਲਈ ਕਿਹਾ ਗਿਆ ਸੀ। ਪਰੰਤੂ ਲੰਬੇ ਸਮੇਂ ਤੱਕ ਕੋਈ ਸੰਤੋਸ਼ਜਨਕ ਜਵਾਬ ਨਾ ਆਉਣ ਕਾਰਨ ਅਤੇ ਨਵੀਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲਿਆ ਗਿਆ ਹੈ।
ਹੁਣ ਸਕੱਤਰੇਤ ਵੱਲੋਂ ਜਾਰੀ ਹੁਕਮਾਂ ਅਨੁਸਾਰ, ਚੀਫ਼ ਖਾਲਸਾ ਦੀਵਾਨ ਦੀ ਕਮੇਟੀ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਆਪਣੇ ਪੱਖ ਦੀ ਸਪੱਸ਼ਟੀਕਰਨ ਦੇਣੀ ਪਵੇਗੀ। ਇਸ ਮਾਮਲੇ ਨੇ ਸਿੱਖ ਕੌਮ ਵਿੱਚ ਚਰਚਾ ਦਾ ਮਾਹੌਲ ਤਿਆਰ ਕਰ ਦਿੱਤਾ ਹੈ, ਕਿਉਂਕਿ ਇਹ ਸੰਸਥਾ ਲੰਬੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਅਤੇ ਸਿੱਖਿਆ ਨਾਲ ਜੁੜੀ ਰਹੀ ਹੈ।
8 ਮਈ ਨੂੰ ਹੋਣ ਵਾਲੀ ਇਸ ਅਹਿਮ ਬੈਠਕ ਦੌਰਾਨ ਸੰਸਥਾ ਦੇ ਪ੍ਰਬੰਧਕੀ ਢਾਂਚੇ, ਮਰਯਾਦਾ ਦੀ ਪਾਲਣਾ ਅਤੇ ਅੱਗੇ ਦੀ ਕਾਰਵਾਈ ਸਬੰਧੀ ਵੱਡੇ ਫੈਸਲੇ ਹੋਣ ਦੀ ਸੰਭਾਵਨਾ ਹੈ, ਜਿਸ ‘ਤੇ ਪੰਥ ਦੀ ਨਿਗਾਹ ਟਿਕੀ ਹੋਈ ਹੈ।
Get all latest content delivered to your email a few times a month.