ਤਾਜਾ ਖਬਰਾਂ
ਲੁਧਿਆਣਾ: 1 ਮਈ-
ਪੰਜਾਬ ਵਿੱਚ ਸਾਹਿੱਤ ਚੇਤਨਾ ਲਹਿਰ ਪਸਾਰਨ ਹਿਤ ਪਿਛਲੇ 25 ਸਾਲਾਂ ਤੋ ਕਾਰਜਸ਼ੀਲ ਸੰਸਥਾ ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਅੱਜ ਲੁਧਿਆਣਾ ਵਿੱਚ ਮਈ ਦਿਵਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵਾਲ ਉਨ੍ਹਾਂ ਦੀ ਰਿਹਾਇਸ਼ ਤੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਦੇ ਵੱਡੇ ਲੇਖਕ ਬਾਲ ਸਾਹਿੱਤ ਵੱਲ ਵੱਧ ਧਿਆਨ ਦੇਣ ਜਿਸ ਨਾਲ ਪੰਜਾਬ ਦੇ ਬੱਚਿਆਂ ਦੀ ਮਾਨਸਿਕਤਾ ਨੂੰ ਬਚਪਨ ਤੋਂ ਹੀ ਸ਼ਬਦ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ, ਨਾਵਲਕਾਰ ਗੁਰਦਿਆਲ ਸਿੰਘ, ਬਲਦੇਵ ਸਿੰਘ ਸੜਕਨਾਮਾ ਤੇ ਕੁਝ ਹੋਰ ਸੀਨੀਅਰ ਲੇਖਕਾਂ ਨੇ ਚੰਗੀ ਪਹਿਲਕਦਮੀ ਤਾਂ ਕੀਤੀ ਪਰ ਉਸ ਤੋਂ ਅੱਗੇ ਬਹੁਤਾ ਉਤਸ਼ਾਹ ਜਨਕ ਹੁੰਗਾਰਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦੇਸ਼ਭਗਤ ਵਿਰਾਸਤ, ਸੱਭਿਆਚਾਰਕ ਦ੍ਰਿਸ਼ ਅਤੇ ਪੰਜਾਬ ਦੇ ਸਰਬਪੱਖੀ ਗਿਆਨ ਲਈ ਕਰਮਸ਼ੀਲ ਹੋਣ ਦੀ ਲੋੜ ਹੈ।
ਉਨ੍ਹਾਂ ਨਾਲ ਆਏ ਨੌਜਵਾਨ ਲੇਖਕ ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਾਲ ਸਾਹਿਤ ਸਾਹਿਤ ਦੀ ਉਹ ਸਮਰੱਥ ਵੰਨਗੀ ਹੈ ਜਿਸ ਦੀ ਰਚਨਾ ਬੱਚਿਆਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਵੇ ਤਾਂ ਵੱਧ ਅਸਰ ਰੱਖਦੀ ਹੈ।
ਹੈ। ਉਨ੍ਹਾਂ ਕਿਹਾ ਕਿ ਸੰਸਾਰ ਪੱਧਰ ‘ਤੇ ਮਨੋਵਿਗਿਆਨੀਆਂ, ਸਿੱਖਿਆ-ਸ਼ਾਸਤਰੀਆਂ ਤੇ ਵਿਦਵਾਨਾਂ ਨੇ ਇਹ ਮੰਨਿਆ ਹੈ ਕਿ ਬੱਚੇ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਉਸਾਰਨ ਵਿੱਚ ਮਾਂ-ਬੋਲੀ ਤੇ ਉਸ ਵਿੱਚ ਰਚਿਆ ਸਾਹਿਤ ਵੱਡਾ ਰੋਲ ਨਿਭਾਉਂਦੇ ਹਨ। ਇਸ ਨਜ਼ਰੀਏ ਤੋਂ ਹਰ ਭਾਸ਼ਾ ਵਿੱਚ ਬਾਲ-ਸਾਹਿਤ ਨੂੰ ਉਤਸ਼ਾਹਤ ਕਰਨਾ ਲਾਜ਼ਮੀ ਹੈ।
ਉਨ੍ਹਾਂ ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਸਿਕ ਪ੍ਰਕਾਸ਼ਿਤ ਪਰਚੇ “ਪੰਖੜੀਆਂ” ਤੇ “ਪ੍ਰਾਇਮਰੀ ਸਿੱਖਿਆ” ਦੀ ਕਾਪੀ ਪ੍ਰੋ. ਗੁਰਭਜਨ ਗਿੱਲ ਦੀ ਪੋਤਰੀ ਅਸੀਸ ਕੌਰ ਗਿੱਲ ਨੂੰ ਭੇਂਟ ਕੀਤੀ।
ਗੱਲਬਾਤ ਦੌਰਾਨ ਹੀ ਐਡਮੰਟਨ (ਕੈਨੇਡਾ) ਤੋਂ ਆਈ ਕਵਿੱਤਰੀ ਬਖ਼ਸ਼ ਸੰਘਾ ਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਖ਼ੁਸ਼ਵੰਤ ਬਰਗਾੜੀ ਤੇ ਡਾ. ਸਟਾਲਿਨਜੀਤ ਸਿੰਘ ਨੇ ਪੀਪਲਜ਼ ਫੋਰਮ ਵੱਲੋਂ ਛਾਪੀ ਲੇਖਕ ਡਾਇਰੀ ਅਤੇ ਕੁਝ ਪੁਸਤਕਾਂ ਦਾ ਸੈੱਟ ਪ੍ਰੋ. ਗਿੱਲ ਨੂੰ ਭੇਂਟ ਕੀਤਾ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਾਰੇ ਲੇਖਕਾਂ ਦਾ ਸੁਆਗਤ ਕਰਨ ਉਪਰੰਤ ਕਿਹਾ ਕਿ ਬਾਲ ਅਵਸਥਾ, ਕਿਸ਼ੋਰ ਉਮਰ ਅਤੇ ਚੜ੍ਹਦੀ ਜਵਾਨੀ ਲਈ ਸਾਡੇ ਕੋਲ ਸੱਚਮੁੱਚ ਓਨਾ ਸਾਹਿੱਤ ਨਹੀਂ ਹੈ, ਜਿੰਨੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਆਪ ਹਰ ਸਾਲ ਘੱਟੋ ਘੱਟ ਇੱਕ ਬਾਲ ਸਾਹਿਤ ਦੀ ਪੁਸਤਕ ਲਿਖਿਆ ਕਰਨਗੇ ਅਤੇ ਸਾਥੀ ਕਲਮਕਾਰਾਂ ਨੂੰ ਵੀ ਪ੍ਰੇਰਤ ਕਰਨਗੇ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਨੂੰ ਵੀ ਪੱਤਰ ਲਿਖਣਗੇ ਕਿ ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਮੈਗਜ਼ੀਨ ਹਰ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਵਿੱਚ ਹਰ ਮਹੀਨੇ ਭਿਜਵਾਇਆ ਜਾਵੇ। ਇਹ ਖੂਬਸੂਰਤ ਮੈਗਜ਼ੀਨ ਮੈਂ ਵੀ ਬਹੁਤ ਸਾਲਾਂ ਬਾਅਦ ਵੇਖੇ ਹਨ।
Get all latest content delivered to your email a few times a month.