ਤਾਜਾ ਖਬਰਾਂ
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅੱਜ ਅਜਨਾਲਾ ਅਦਾਲਤ ਵਿੱਚ ਅਹਿਮ ਪੇਸ਼ੀ ਹੋਣ ਜਾ ਰਹੀ ਹੈ। ਅਜਨਾਲਾ ਥਾਣੇ 'ਤੇ ਹੋਏ ਹਮਲੇ ਨਾਲ ਸਬੰਧਤ ਕੇਸ ਵਿੱਚ ਅੰਮ੍ਰਿਤਪਾਲ ਸਿੰਘ ਦੀ ਪੰਜ ਦਿਨਾਂ ਦੀ ਨਿਆਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ। ਸੁਰੱਖਿਆ ਕਾਰਨਾਂ ਅਤੇ ਹਾਈਕੋਰਟ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਇਹ ਪੇਸ਼ੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ (VC) ਰਾਹੀਂ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ 'ਤੇ ਲੱਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਖ਼ਤਮ ਹੋ ਗਿਆ ਸੀ, ਜਿਸ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੇ ਅਜਨਾਲਾ ਹਿੰਸਾ ਮਾਮਲੇ (FIR ਨੰਬਰ 39) ਵਿੱਚ ਕਾਰਵਾਈ ਤੇਜ਼ ਕਰ ਦਿੱਤੀ। 23 ਅਪ੍ਰੈਲ ਨੂੰ ਹੋਈ ਪਹਿਲੀ ਪੇਸ਼ੀ ਦੌਰਾਨ ਪੁਲਿਸ ਨੂੰ ਅੰਮ੍ਰਿਤਪਾਲ ਦਾ ਦੋ ਦਿਨਾਂ ਦਾ ਰਿਮਾਂਡ ਮਿਲਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 5 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਸੀ। ਇਸ ਕੇਸ ਵਿੱਚ ਪੱਪਲਪ੍ਰੀਤ ਸਿੰਘ ਸਮੇਤ ਕਈ ਹੋਰ ਸਾਥੀ ਪਹਿਲਾਂ ਹੀ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੇ ਹਨ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਅਨੁਸਾਰ, ਪਿਛਲੇ ਤਿੰਨ ਸਾਲਾਂ ਤੋਂ ਐਨ.ਐਸ.ਏ. ਲੱਗੀ ਹੋਣ ਕਾਰਨ ਹੋਰ ਕੇਸਾਂ ਦਾ ਟ੍ਰਾਇਲ ਰੁਕਿਆ ਹੋਇਆ ਸੀ, ਜੋ ਹੁਣ ਸ਼ੁਰੂ ਹੋ ਚੁੱਕਾ ਹੈ। ਪਿਛਲੀ ਸੁਣਵਾਈ ਦੌਰਾਨ ਪੁਲਿਸ ਨੇ ਹਥਿਆਰਾਂ ਅਤੇ ਵਾਹਨਾਂ ਦੀ ਰਿਕਵਰੀ ਨੂੰ ਰਿਮਾਂਡ ਦਾ ਆਧਾਰ ਬਣਾਇਆ ਸੀ। ਖਾਸ ਕਰਕੇ ਪਾਲਕੀ ਸਾਹਿਬ ਵਾਲੀ ਗੱਡੀ ਦੀ ਰਿਕਵਰੀ ਨੂੰ ਲੈ ਕੇ ਬਹਿਸ ਹੋਈ ਸੀ, ਜਿਸ 'ਤੇ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਉਕਤ ਵਾਹਨ ਕਿਸੇ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਸੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਪੱਸ਼ਟ ਹੁਕਮ ਹਨ ਕਿ ਰਿਮਾਂਡ ਤੋਂ ਲੈ ਕੇ ਟ੍ਰਾਇਲ ਦੇ ਅੰਤ ਤੱਕ ਸਾਰੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਵੇਗੀ। ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਣ ਦੀ ਅਪੀਲ ਕੀਤੀ ਹੈ। ਅੱਜ ਦੀ ਪੇਸ਼ੀ ਤੋਂ ਬਾਅਦ ਇਹ ਸਾਫ਼ ਹੋਵੇਗਾ ਕਿ ਅਦਾਲਤ ਹਿਰਾਸਤ ਵਿੱਚ ਹੋਰ ਵਾਧਾ ਕਰਦੀ ਹੈ ਜਾਂ ਕੋਈ ਨਵਾਂ ਮੋੜ ਆਉਂਦਾ ਹੈ।
ਅਦਾਲਤ ਕੰਪਲੈਕਸ ਦੇ ਬਾਹਰ ਅਤੇ ਅਜਨਾਲਾ ਇਲਾਕੇ ਵਿੱਚ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
Get all latest content delivered to your email a few times a month.