ਤਾਜਾ ਖਬਰਾਂ
ਪੰਜਾਬ ਵਿੱਚ ਜਨਗਣਨਾ (ਮਰਦਮਸ਼ੁਮਾਰੀ) 2026 ਦੀ ਪ੍ਰਕਿਰਿਆ ਅੱਜ ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ। ਇਸ ਪਹਿਲੇ ਪੜਾਅ ਵਿੱਚ 'ਸਵੈ-ਗਣਨਾ' (Self-Enumeration) 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜੋ 14 ਮਈ ਤੱਕ ਜਾਰੀ ਰਹੇਗੀ। ਇਸ ਨਵੀਂ ਵਿਧੀ ਰਾਹੀਂ ਨਾਗਰਿਕ ਮੋਬਾਈਲ ਐਪ ਜਾਂ ਵੈੱਬ ਪੋਰਟਲ ਰਾਹੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਦਰਜ ਕਰ ਸਕਣਗੇ।
ਜਿਹੜੇ ਲੋਕਾਂ ਕੋਲ ਇੰਟਰਨੈੱਟ ਜਾਂ ਸਮਾਰਟਫੋਨ ਦੀ ਸਹੂਲਤ ਨਹੀਂ ਹੈ, ਉਨ੍ਹਾਂ ਦੀ ਸਹਾਇਤਾ ਲਈ ਫੀਲਡ ਸਟਾਫ ਤਾਇਨਾਤ ਕੀਤਾ ਗਿਆ ਹੈ। 14 ਮਈ ਤੱਕ ਘਰੇਲੂ ਸੂਚੀਆਂ (House Listing) ਤਿਆਰ ਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ 15 ਮਈ ਤੋਂ 30 ਜੂਨ ਤੱਕ ਗਣਨਾਕਾਰ (Enumerators) ਹਰ ਘਰ ਜਾ ਕੇ ਵੇਰਵੇ ਇਕੱਠੇ ਕਰਨਗੇ।
ਇਸ ਜਨਗਣਨਾ ਦੌਰਾਨ ਹਰੇਕ ਪਰਿਵਾਰ ਤੋਂ ਕੁੱਲ 33 ਸਵਾਲ ਪੁੱਛੇ ਜਾਣਗੇ। ਇਹ ਸਵਾਲ ਸਿਰਫ਼ ਮੈਂਬਰਾਂ ਦੀ ਗਿਣਤੀ ਤੱਕ ਸੀਮਤ ਨਹੀਂ ਹੋਣਗੇ, ਸਗੋਂ ਪਰਿਵਾਰ ਦੇ ਜੀਵਨ ਪੱਧਰ ਦੀ ਜਾਣਕਾਰੀ ਵੀ ਲਈ ਜਾਵੇਗੀ। ਇਸ ਵਿੱਚ ਮੁੱਖ ਤੌਰ 'ਤੇ:
ਵਾਹਨਾਂ ਦੀ ਗਿਣਤੀ (ਦੋ ਪਹੀਆ/ਚਾਰ ਪਹੀਆ)।
ਲੈਪਟਾਪ, ਕੰਪਿਊਟਰ ਅਤੇ ਇੰਟਰਨੈੱਟ ਦੀ ਉਪਲਬਧਤਾ।
ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਅਤੇ ਰਸੋਈ ਦੀ ਸਹੂਲਤ।
ਘਰ ਦੀ ਬਣਤਰ (ਛੱਤ, ਕੰਧਾਂ ਅਤੇ ਫਰਸ਼ ਵਿੱਚ ਵਰਤੀ ਗਈ ਸਮੱਗਰੀ)।
LPG/PNG ਕੁਨੈਕਸ਼ਨ ਅਤੇ ਬਾਥਰੂਮ ਵਰਗੀਆਂ ਬੁਨਿਆਦੀ ਸਹੂਲਤਾਂ।
ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪ੍ਰਕਿਰਿਆ ਲਈ ਨਗਰਪਾਲਿਕਾ ਅਤੇ ਵਾਰਡ ਪੱਧਰ 'ਤੇ ਰਿਕਾਰਡ ਅਪਡੇਟ ਕਰ ਲਏ ਹਨ। ਕਿਸੇ ਵੀ ਤਕਨੀਕੀ ਜਾਂ ਪ੍ਰਸ਼ਾਸਨਿਕ ਚੁਣੌਤੀ ਤੋਂ ਬਚਣ ਲਈ ਅੰਮ੍ਰਿਤਸਰ, ਜਲੰਧਰ ਅਤੇ ਮਲੇਰਕੋਟਲਾ ਵਿੱਚ ਪਹਿਲਾਂ ਹੀ ਪ੍ਰੀ-ਟੈਸਟ ਕੀਤੇ ਜਾ ਚੁੱਕੇ ਹਨ।
ਜਨਗਣਨਾ ਐਕਟ 1948 ਦੇ ਤਹਿਤ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸੰਯੁਕਤ ਅਤੇ ਸਹਾਇਕ ਕਮਿਸ਼ਨਰਾਂ ਤੋਂ ਇਲਾਵਾ ਟਾਊਨ ਪਲੈਨਰਾਂ ਅਤੇ ਇੰਜੀਨੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਣਨਾਕਾਰਾਂ ਨੂੰ ਸਹੀ ਜਾਣਕਾਰੀ ਦੇਣ ਤਾਂ ਜੋ ਭਵਿੱਖ ਦੀਆਂ ਸਰਕਾਰੀ ਯੋਜਨਾਵਾਂ ਦਾ ਖਰੜਾ ਸਹੀ ਢੰਗ ਨਾਲ ਤਿਆਰ ਕੀਤਾ ਜਾ ਸਕੇ।
Get all latest content delivered to your email a few times a month.