ਤਾਜਾ ਖਬਰਾਂ
ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ਵਿਖੇ ਬੀਤੀ ਸ਼ਾਮ ਇੱਕ ਬੇਹੱਦ ਦੁਖਦਾਈ ਹਾਦਸਾ ਵਾਪਰਿਆ। ਬਾਘਾਪੁਰਾਣਾ ਰੋਡ ’ਤੇ ਸਥਿਤ ‘ਸਿੰਗਲਾ ਕੋਲਡ ਸਟੋਰੇਜ’ ਦੀ ਇਮਾਰਤ ਅਚਾਨਕ ਇੱਕ ਜ਼ੋਰਦਾਰ ਧਮਾਕੇ ਨਾਲ ਢਹਿ-ਢੇਰੀ ਹੋ ਗਈ। ਇਸ ਹਾਦਸੇ ਦੌਰਾਨ ਮਲਬੇ ਹੇਠ ਦੱਬਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਮਜ਼ਦੂਰਾਂ ਨੂੰ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬਚਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 4 ਵਜੇ ਵਾਪਰੀ। ਚਸ਼ਮਦੀਦਾਂ ਨੇ ਦੱਸਿਆ ਕਿ ਕੋਲਡ ਸਟੋਰ ਦੀ ਛੱਤ ਡਿੱਗਣ ਸਮੇਂ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਆਸ-ਪਾਸ ਦਾ ਇਲਾਕਾ ਦਹਿਸ਼ਤ ਵਿੱਚ ਆ ਗਿਆ। ਇਮਾਰਤ ਢਹਿਣ ਕਾਰਨ ਅੰਦਰ ਕੰਮ ਕਰ ਰਹੇ ਤਿੰਨ ਮਜ਼ਦੂਰ ਮਲਬੇ ਦੇ ਪਹਾੜ ਹੇਠਾਂ ਦੱਬ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਦੋ ਮਜ਼ਦੂਰਾਂ ਨੂੰ ਜਿਉਂਦਾ ਬਾਹਰ ਕੱਢ ਲਿਆ।
ਮਲਬੇ ਹੇਠ ਦੱਬੇ ਤੀਜੇ ਮਜ਼ਦੂਰ ਦੀ ਭਾਲ ਲਈ NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀਆਂ ਟੀਮਾਂ ਨੂੰ ਸੱਦਿਆ ਗਿਆ। NDRF ਦੇ ਜਵਾਨਾਂ ਵੱਲੋਂ ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਰਾਤ ਕਰੀਬ 11:30 ਵਜੇ ਮਜ਼ਦੂਰ ਨੂੰ ਬਾਹਰ ਕੱਢਿਆ ਗਿਆ, ਪਰ ਬਦਕਿਸਮਤੀ ਨਾਲ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਕੋਲਡ ਸਟੋਰ ਦੀ ਛੱਤ ਡਿੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਮੁੱਢਲੇ ਤੌਰ 'ਤੇ ਇਸ ਨੂੰ ਤਕਨੀਕੀ ਨੁਕਸ ਜਾਂ ਗੈਸ ਲੀਕ ਹੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਮਾਰਤ ਦੀ ਮਜ਼ਬੂਤੀ ਅਤੇ ਸੁਰੱਖਿਆ ਨਿਯਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
Get all latest content delivered to your email a few times a month.