ਤਾਜਾ ਖਬਰਾਂ
ਚੰਡੀਗੜ੍ਹ, 29 ਅਪ੍ਰੈਲ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ 5 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਸੱਤ ਰਾਜ ਸਭਾ ਮੈਂਬਰਾਂ, ਜਿਨ੍ਹਾਂ ਵਿੱਚ ਪੰਜਾਬ ਦੇ 6 ਮੈਂਬਰ ਵੀ ਸ਼ਾਮਲ ਹਨ, ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਪਾਰਟੀ ਬਦਲਣ ਦਾ ਮੁੱਦਾ ਉਠਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਲੋਕਾਂ ਦੇ ਫਤਵੇ ਨਾਲ ਵਿਸ਼ਵਾਸਘਾਤ ਦੇ ਬਰਾਬਰ ਹਨ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸਾਨੂੰ ਰਾਸ਼ਟਰਪਤੀ ਭਵਨ ਤੋਂ ਪੁਸ਼ਟੀ ਹੋ ਗਈ ਹੈ ਅਤੇ 5 ਮਈ ਨੂੰ ਅਸੀਂ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੱਤ ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਪੰਜਾਬ ਦੇ ਛੇ ਮੈਂਬਰ ਵੀ ਸ਼ਾਮਲ ਹਨ, ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਪਾਰਟੀ ਬਦਲਣ ਦਾ ਮੁੱਦਾ ਉਠਾਵਾਂਗੇ। ਇਹ ਸੰਸਦ ਮੈਂਬਰ ਜਿਨ੍ਹਾਂ ਨੇ ਲੋਕਾਂ ਦੇ ਫਤਵੇ ਨਾਲ ਵਿਸ਼ਵਾਸਘਾਤ ਕੀਤਾ ਹੈ, ਕਿਸੇ ਵੀ ਰਹਿਮ ਦੇ ਹੱਕਦਾਰ ਨਹੀਂ ਹਨ ਕਿਉਂਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਗੱਦਾਰ ਹਨ।"
ਉਨ੍ਹਾਂ ਅੱਗੇ ਕਿਹਾ, "ਜੋ ਲੋਕ ਇਸ ਦਲ ਬਦਲੀ ਨੂੰ ਅੱਜ-ਕੱਲ੍ਹ ਦਾ ਰੁਝਾਨ ਜਾਂ ਪਰੰਪਰਾ ਦੱਸ ਰਹੇ ਹਨ, ਉਹ ਲੋਕਾਂ ਦੇ ਫਤਵੇ ਪ੍ਰਤੀ ਇਸ ਗੰਭੀਰ ਅਣਦੇਖੀ ਨੂੰ ਜਾਇਜ਼ ਠਹਿਰਾ ਰਹੇ ਹਨ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਲੱਗਦਾ ਹੈ, ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਵਾਲੇ ਲੋਕ ਆਪਣੀ ਵਫ਼ਾਦਾਰੀ ਬਦਲਣ ਦੀ ਤਿਆਰੀ ਕਰ ਰਹੇ ਹਨ।"
ਬਜਟ ਅਤੇ ਹਰੇਕ ਬਿੱਲ ਦਾ ਸੁਚਾਰੂ ਢੰਗ ਨਾਲ ਪਾਸ ਹੋਣਾ ਵਿਧਾਨ ਸਭਾ ਵਿੱਚ ਸਾਡੇ ਬਹੁਮਤ ਨੂੰ ਸਾਬਤ ਕਰਦਾ ਹੈ; ਆਲੋਚਕਾਂ ਨੂੰ ਪਹਿਲਾਂ ਕੇਂਦਰ ਦੀਆਂ ਅਧੂਰੀਆਂ ਗਰੰਟੀਆਂ 'ਤੇ ਜਵਾਬ ਦੇਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਆਪਣੀ ਸਰਕਾਰ ਦੀ ਤਾਕਤ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਪੂਰਨ ਸਮਰਥਨ ਹੈ, ਜਿਸ ਕਰਕੇ ਫਲੋਰ ਟੈਸਟ ਦੀ ਕੋਈ ਵੀ ਮੰਗ ਬੇਲੋੜੀ ਹੈ। ਉਨ੍ਹਾਂ ਅੱਗੇ ਕਿਹਾ,"ਜਿੱਥੇ ਬਜਟ ਸੁਚਾਰੂ ਢੰਗ ਨਾਲ ਪਾਸ ਹੋਇਆ ਹੈ, ਉੱਥੇ ਹੀ ਹਰ ਛੋਟੇ ਜਾਂ ਵੱਡੇ ਬਿੱਲ ਨੇ ਸਫ਼ਲਤਾਪੂਰਵਕ ਫਲੋਰ ਟੈਸਟ ਪਾਸ ਕੀਤਾ, ਜੋ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸਰਕਾਰ ਕੋਲ ਸਦਨ ਵਿੱਚ ਪੂਰਨ ਬਹੁਮਤ ਹੈ।"
ਆਲੋਚਕਾਂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਅੱਗੇ ਕਿਹਾ, "ਜੋ ਲੋਕ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਤਰਕ 'ਤੇ ਸਵਾਲ ਉਠਾ ਰਹੇ ਹਨ, ਉਨ੍ਹਾਂ ਨੂੰ ਸਾਡੇ ‘ਤੇ ਸਵਾਲ ਉਠਾਉਣ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਦਾ ਜਵਾਬ ਦੇਣਾ ਚਾਹੀਦਾ ਹੈ।"
ਪੰਜਾਬ ਸਰਕਾਰ ਰੇਲਵੇ ਟਰੈਕ ਧਮਾਕੇ ਦੀ ਘਟਨਾ ‘ਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਾਉਣ ਲਈ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਨਾਲ ਨਿਰੰਤਰ ਤਾਲਮੇਲ ਵਿੱਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਹਾਲ ਹੀ ਵਿੱਚ ਰੇਲਵੇ ਟਰੈਕ ਧਮਾਕੇ ਦੀ ਘਟਨਾ 'ਤੇ ਇੱਕ ਸਵਾਲ ਦੇ ਜਵਾਬ ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ "ਅਗਲੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ ਅਤੇ ਇਸ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।"
ਪਾਣੀ ਦੀ ਵੰਡ ਦੇ ਮੁੱਦੇ 'ਤੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰਿਆਣਾ ਨੇ ਇਸ ਸਾਲ ਆਪਣੇ ਹਿੱਸੇ ਦੇ ਪਾਣੀ ਦੀ ਵਰਤੋਂ ਵਧੇਰੇ ਸਮਝਦਾਰੀ ਨਾਲ ਕੀਤੀ ਹੈ, ਜਿਸ ਨਾਲ ਵਿਵਾਦਾਂ ਤੋਂ ਬਚਾਅ ਰਿਹਾ ਹੈ।
ਕੇਂਦਰ ਨੇ ਅਨਾਜ ਦੀ ਚੁਕਾਈ ਨੂੰ ਤੇਜ਼ ਕੀਤਾ; ਝੋਨੇ ਦੀ ਸਟੋਰੇਜ ਨੂੰ ਯਕੀਨੀ ਬਣਾਉਣ ਲਈ 290 ਵਿਸ਼ੇਸ਼ ਰੇਲਗੱਡੀਆਂ ਲਾਈਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਪੰਜਾਬ ‘ਚੋਂ ਅਨਾਜ ਦੀ ਚੁਕਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, "ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਰਾਜ ਤੋਂ ਅਨਾਜ ਦੀ ਢੋਆ-ਢੁਆਈ ਲਈ 290 ਵਿਸ਼ੇਸ਼ ਰੇਲਗੱਡੀਆਂ ਇਸ ਕਾਰਜ ਵਿੱਚ ਲਗਾਈਆਂ ਗਈਆਂ ਹਨ, ਜਿਸ ਨਾਲ ਝੋਨੇ ਦੀ ਫਸਲ ਲਈ ਢੁਕਵੀਂ ਸਟੋਰੇਜ ਯਕੀਨੀ ਬਣੇਗੀ।"
Get all latest content delivered to your email a few times a month.