ਤਾਜਾ ਖਬਰਾਂ
ਪੰਜਾਬ ਦੇ ਪਿੰਡਾਂ ਦੀ ਖੇਡ ਪ੍ਰਤਿਭਾ ਹੁਣ ਅੰਤਰਰਾਸ਼ਟਰੀ ਮੰਚ 'ਤੇ ਚਮਕਣ ਲਈ ਤਿਆਰ ਹੈ। ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਰੁੜਕਾ ਕਲਾਂ ਸਥਿਤ ‘ਯੂਥ ਫੁੱਟਬਾਲ ਕਲੱਬ’ (YFC) ਦਾ ਦੌਰਾ ਕੀਤਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ‘ਸਟ੍ਰੀਟ ਚਾਈਲਡ ਵਰਲਡ ਕੱਪ’ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਡਾ. ਚੱਬੇਵਾਲ ਨੇ ਕਲੱਬ ਦੀਆਂ ਗਤੀਵਿਧੀਆਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਇਲਾਕਾ ਨਿਵਾਸੀਆਂ ਅਤੇ ਖਿਡਾਰੀਆਂ ਦੀ ਸਹੂਲਤ ਲਈ ਉਨ੍ਹਾਂ ਨੇ ਰੁੜਕਾ ਕਲਾਂ-ਘੁੱਡਕਾ-ਪਾਂਡਵਾਂ ਤੋਂ ਮੌਲੀ ਤੱਕ 5 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜੀ ਨਵੀਂ ਸੜਕ ਬਣਾਉਣ ਦਾ ਵੀ ਵਾਅਦਾ ਕੀਤਾ।
ਡਾ. ਚੱਬੇਵਾਲ ਨੇ ਕਿਹਾ ਕਿ ਇਹ ਪੂਰੇ ਉੱਤਰੀ ਭਾਰਤ ਲਈ ਮਾਣ ਦਾ ਵਿਸ਼ਾ ਹੈ ਕਿ ਪੰਜਾਬ ਦੇ ਪਿੰਡ ਦੇ ਬੱਚੇ ਸੱਤ ਸਮੁੰਦਰੋਂ ਪਾਰ ਭਾਰਤ ਦਾ ਤਿਰੰਗਾ ਲਹਿਰਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲਿਆਂ ਸਦਕਾ ਸੂਬੇ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਵਾਈ.ਐਫ.ਸੀ. ਦੇ ਨੌਜਵਾਨ ਵਿਸ਼ਵ ਪੱਧਰ 'ਤੇ ਪ੍ਰਤਿਭਾ ਦਿਖਾਉਣ ਜਾ ਰਹੇ ਹਨ।
ਕਲੱਬ ਦੇ ਚੇਅਰਮੈਨ ਗੁਰਮੰਗਲ ਦਾਸ ਨੇ ਜਾਣਕਾਰੀ ਦਿੱਤੀ ਕਿ 5 ਤੋਂ 15 ਮਈ ਤੱਕ ਮੈਕਸੀਕੋ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ 14 ਤੋਂ 17 ਸਾਲ ਦੇ ਖਿਡਾਰੀ ਹਿੱਸਾ ਲੈਣਗੇ। ਇਸ ਵਾਰ ਵਿਸ਼ਵ ਭਰ ਦੀਆਂ 30 ਟੀਮਾਂ (17 ਕੁੜੀਆਂ ਅਤੇ 13 ਮੁੰਡਿਆਂ ਦੀਆਂ ਟੀਮਾਂ) ਮੈਦਾਨ ਵਿੱਚ ਉਤਰਨਗੀਆਂ।
ਮੈਕਸੀਕੋ ਜਾਣ ਵਾਲੀ ਭਾਰਤੀ ਟੀਮ ਵਿੱਚ ਸੀਲਾਸ ਸਿੱਧੂ, ਅਰਸ਼ਦੀਪ, ਜਸ਼ਨਪ੍ਰੀਤ, ਰਾਜਨ ਜਖੂ, ਸਮੀਰ, ਰਮਿੰਦਰ ਸਿੰਘ, ਸੈਮ ਮਸੀਹ, ਗੋਲਕੀਪਰ ਸ਼ਮਸ਼ੇਰ ਸਿੰਘ ਆਕਾਸ਼ ਅਤੇ ਰੌਣਕ ਸ਼ਾਮਲ ਹਨ। ਟੀਮ ਦੀ ਅਗਵਾਈ ਮੁੱਖ ਕੋਚ ਅਨਵਰ ਅਲੀ, ਟੀਮ ਲੀਡਰ ਹਰਸ਼ ਜੈਸੁਖ ਚੋਟਾਲੀਆ ਅਤੇ ਮੈਨੇਜਰ ਨੂਪੁਰ ਨਾਗ ਕਰਨਗੇ। ਗੁਰਮੰਗਲ ਦਾਸ ਨੇ ਸਾਂਸਦ ਦਾ ਧੰਨਵਾਦ ਕਰਦਿਆਂ ਭਰੋਸਾ ਜਤਾਇਆ ਕਿ ਟੀਮ ਦੇਸ਼ ਦਾ ਨਾਂ ਰੌਸ਼ਨ ਕਰਕੇ ਵਾਪਸ ਪਰਤੇਗੀ।
Get all latest content delivered to your email a few times a month.