ਤਾਜਾ ਖਬਰਾਂ
ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਵਿਚਕਾਰ ‘ਸਮਰਪਿਤ ਫਰੇਟ ਕੋਰੀਡੋਰ’ (DFCCIL) 'ਤੇ ਹੋਏ ਭਿਆਨਕ ਆਈਈਡੀ (IED) ਧਮਾਕੇ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਚੁੱਕਦਿਆਂ ਸਰਕਾਰ ਨੂੰ ਕੜੇ ਹੱਥੀਂ ਲਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਸ਼ੰਭੂ ਧਮਾਕੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ, "ਸ਼ੰਭੂ-ਅੰਬਾਲਾ ਰੇਲ ਟਰੈਕ 'ਤੇ ਧਮਾਕਾ ਹੁੰਦਾ ਹੈ, ਪਟੜੀ ਤਬਾਹ ਹੋ ਜਾਂਦੀ ਹੈ ਅਤੇ ਲਾਸ਼ ਦੇ ਚੀਥੜੇ ਉੱਡ ਜਾਂਦੇ ਹਨ। ਇਸ ਤੋਂ ਪਹਿਲਾਂ ਸਰਹਿੰਦ ਵਿੱਚ ਬਲਾਸਟ ਹੋਇਆ ਅਤੇ ਗੁਰਦਾਸਪੁਰ ਵਿੱਚ ਸ਼ੱਕੀ ਵਸਤੂ ਮਿਲੀ। ਇਹ ਸਭ ਦਰਸਾਉਂਦਾ ਹੈ ਕਿ ਪੰਜਾਬ ਲਗਾਤਾਰ ਅਸੁਰੱਖਿਆ ਦੇ ਘੇਰੇ ਵਿੱਚ ਹੈ।" ਉਨ੍ਹਾਂ ਸਵਾਲ ਕੀਤਾ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਕੀ ਕਰ ਰਹੇ ਹਨ?
ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵਿਦੇਸ਼ੀ ਦੌਰਿਆਂ ਤੋਂ ਬਾਅਦ ਵਾਪਸ ਆ ਗਏ ਹਨ, ਪਰ ਉਨ੍ਹਾਂ ਕੋਲ ਕਾਨੂੰਨ-ਵਿਵਸਥਾ 'ਤੇ ਬੈਠਕ ਕਰਨ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਵਰਤੋਂ ਜਨਤਾ ਦੀ ਸੁਰੱਖਿਆ ਦੀ ਬਜਾਏ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ। ਮਜੀਠੀਆ ਅਨੁਸਾਰ, "ਸਾਂਸਦਾਂ ਦੇ ਘਰਾਂ 'ਤੇ 'ਗੱਦਾਰ' ਲਿਖਣ ਵਾਲਿਆਂ ਨੂੰ ਸਰਕਾਰੀ ਪਨਾਹ ਮਿਲ ਰਹੀ ਹੈ। ਮੁੱਖ ਮੰਤਰੀ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਇੰਨੇ ਵਿਅਸਤ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਡਰ ਦਿਖਾਈ ਨਹੀਂ ਦੇ ਰਿਹਾ।"
ਅਕਾਲੀ ਆਗੂ ਨੇ ਸਖ਼ਤ ਲਹਿਜੇ ਵਿੱਚ ਪੁੱਛਿਆ ਕਿ ਕੀ ਪੰਜਾਬ ਵਿੱਚ ਕੋਈ ਸਰਕਾਰ ਮੌਜੂਦ ਹੈ? ਉਨ੍ਹਾਂ ਕਿਹਾ ਕਿ ਰੇਲਵੇ ਟਰੈਕਾਂ ਦਾ ਸੁਰੱਖਿਅਤ ਨਾ ਰਹਿਣਾ ਸਿੱਧੀ ਪ੍ਰਸ਼ਾਸਨਿਕ ਨਾਕਾਮੀ ਹੈ। ਮਜੀਠੀਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਹੁਣ ਵੀ ਨਾ ਜਾਗੀ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਦੇਰ ਰਾਤ ਹੋਏ ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਦੀ ਪਛਾਣ ਤਰਨਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਮਿਲੇ ਮੋਬਾਈਲ ਫੋਨ ਅਤੇ ਹੋਰ ਸਬੂਤਾਂ ਨੇ ਇਸ ਘਟਨਾ ਨੂੰ ਰੇਲਵੇ ਨੈੱਟਵਰਕ ਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕੀਤਾ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ, ਪਰ ਸਿਆਸੀ ਮੈਦਾਨ ਵਿੱਚ ਇਸ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ।
Get all latest content delivered to your email a few times a month.