IMG-LOGO
ਹੋਮ ਪੰਜਾਬ: ਸ਼ੰਭੂ ਰੇਲਵੇ ਧਮਾਕਾ ਕਾਂਡ: ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਜਗਰੂਪ...

ਸ਼ੰਭੂ ਰੇਲਵੇ ਧਮਾਕਾ ਕਾਂਡ: ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਜਗਰੂਪ ਵਜੋਂ ਹੋਈ; ਪੁਲਿਸ ਵੱਲੋਂ 5 ਸ਼ੱਕੀ ਗ੍ਰਿਫ਼ਤਾਰ, ਖੁਫੀਆ ਏਜੰਸੀਆਂ ਨੇ ਪਿੰਡ ਪੰਜਵੜ ’ਚ ਪਾਇਆ ਡੇਰਾ

Admin User - Apr 28, 2026 01:52 PM
IMG

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਨੂੰ ਉਡਾਉਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਸ਼ੱਕੀ ਹਮਲਾਵਰ ਦੀ ਪਛਾਣ ਹੋਣ ਤੋਂ ਬਾਅਦ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ 33 ਸਾਲਾ ਜਗਰੂਪ ਸਿੰਘ ਉਰਫ਼ ਜੂਪਾ ਵਜੋਂ ਹੋਈ ਹੈ। ਇਸ ਖੁਲਾਸੇ ਤੋਂ ਬਾਅਦ ਜਿੱਥੇ ਪਿੰਡ ਵਿੱਚ ਦਹਿਸ਼ਤ ਅਤੇ ਹੈਰਾਨੀ ਦਾ ਮਾਹੌਲ ਹੈ, ਉੱਥੇ ਹੀ ਸੁਰੱਖਿਆ ਏਜੰਸੀਆਂ ਅਤੇ ਖੁਫੀਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪਿੰਡ ਪੰਜਵੜ ਨੂੰ ਪੂਰੀ ਤਰ੍ਹਾਂ ਘੇਰੇ ਵਿੱਚ ਲੈ ਲਿਆ ਹੈ।


ਪਿੰਡ ਵਾਸੀਆਂ ਅਨੁਸਾਰ ਜਗਰੂਪ ਸਿੰਘ ਜੂਪਾ ਪਿੰਡ ਵਿੱਚ ਆਟਾ ਚੱਕੀ ਚਲਾਉਂਦਾ ਸੀ ਅਤੇ ਅਕਸਰ ਨਿਹੰਗ ਪਹਿਰਾਵੇ ਵਿੱਚ ਰਹਿੰਦਾ ਸੀ। ਦੋ ਧੀਆਂ ਦਾ ਪਿਤਾ ਹੋਣ ਕਾਰਨ ਉਸ ਦੇ ਅਚਾਨਕ ਇਸ ਤਰ੍ਹਾਂ ਦੀ ਖ਼ਤਰਨਾਕ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ, ਜੂਪਾ ਦਾ ਪਿਛੋਕੜ ਪੂਰੀ ਤਰ੍ਹਾਂ ਸਾਫ਼ ਨਹੀਂ ਹੈ; ਉਸ ਵਿਰੁੱਧ ਪਹਿਲਾਂ ਤਰਨਤਾਰਨ ਉਪ-ਚੋਣ ਦੌਰਾਨ ਪੋਸਟਰ ਪਾੜਨ ਦਾ ਇੱਕ ਮਾਮਲਾ ਝੱਬਲ ਥਾਣੇ ਵਿੱਚ ਦਰਜ ਸੀ।


ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤਰਨਤਾਰਨ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ 5 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਡੀ.ਐਸ.ਪੀ. ਸੁਖਬੀਰ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਸ਼ੱਕੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜਗਰੂਪ ਸਿੰਘ ਨਾਲ ਜੁੜੇ ਹੋਏ ਸਨ ਅਤੇ ਵਿਦੇਸ਼ੀ ਅੱਤਵਾਦੀ ਸਮੂਹਾਂ ਦੀਆਂ ਸਾਜ਼ਿਸ਼ਾਂ ਬਾਰੇ ਅਹਿਮ ਜਾਣਕਾਰੀ ਦੇ ਸਕਦੇ ਹਨ।


ਪਿੰਡ ਪੰਜਵੜ ਪਹਿਲਾਂ ਵੀ ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ ਰਿਹਾ ਹੈ। ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ, ਜਿਸ ਦਾ ਪਿਛਲੇ ਸਾਲ ਪਾਕਿਸਤਾਨ ਵਿੱਚ ਕਤਲ ਕਰ ਦਿੱਤਾ ਗਿਆ ਸੀ, ਵੀ ਇਸੇ ਪਿੰਡ ਦਾ ਰਹਿਣ ਵਾਲਾ ਸੀ। ਇਸੇ ਕਾਰਨ ਪੁਲਿਸ ਜਗਰੂਪ ਸਿੰਘ ਜੂਪਾ ਦੇ ਪਰਿਵਾਰਕ ਰਿਕਾਰਡ ਅਤੇ ਪੁਰਾਣੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।


ਤਰਨਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਗਰੂਪ ਸਿੰਘ ਦੇ ਪਰਿਵਾਰ ਅਤੇ ਉਸ ਦੇ ਪਿਛਲੇ ਕੁਝ ਦਿਨਾਂ ਦੀਆਂ ਗਤੀਵਿਧੀਆਂ ਬਾਰੇ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਜੂਪਾ ਨੂੰ ਦੋ ਦਿਨ ਪਹਿਲਾਂ ਪਿੰਡ ਵਿੱਚ ਹੀ ਦੇਖਿਆ ਗਿਆ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੂੰ ਵਿਸਫੋਟਕ ਕਿੱਥੋਂ ਮਿਲੇ ਅਤੇ ਇਸ ਸਾਜ਼ਿਸ਼ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪੂਰੀ ਰਿਪੋਰਟ ਤਿਆਰ ਕਰਕੇ ਜਲਦੀ ਹੀ ਉੱਚ ਅਧਿਕਾਰੀਆਂ ਅਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.