ਤਾਜਾ ਖਬਰਾਂ
ਚੰਡੀਗੜ੍ਹ, 23 ਅਪ੍ਰੈਲ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਨੀਲ ਗਰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਿਜਲੀ ਦੇ ਕਟ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਤਿੱਖਾ ਪਲਟਵਾਰ ਕੀਤਾ ਹੈ। ਨੀਲ ਗਰਗ ਨੇ ਕਿਹਾ ਕਿ ਇਹ ਬੇਹੱਦ ਹਾਸੋਹੀਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਸ਼ਾਸਨਕਾਲ ਦੌਰਾਨ ਪੰਜਾਬ ਨੂੰ ਦਹਾਕਿਆਂ ਤੱਕ ਬਿਜਲੀ ਸੰਕਟ ਅਤੇ ਹਨੇਰੇ ਵਿੱਚ ਧੱਕਿਆ, ਅੱਜ ਉਹ ਸਿਸਟਮ ਦੀ ਮਜ਼ਬੂਤੀ ਲਈ ਲਗਾਏ ਜਾ ਰਹੇ ਮਹਿਜ਼ 2 ਘੰਟੇ ਦੇ ਮੁਰੰਮਤ ਕੱਟ 'ਤੇ ਮਗਰਮੱਛ ਦੇ ਹੰਝੂ ਵਹਾ ਕੇ ਰਾਜਨੀਤੀ ਕਰ ਰਹੇ ਹਨ।
ਗਰਗ ਨੇ ਕਿਹਾ ਕਿ ਜਾਖੜ ਸਾਹਿਬ ਨੂੰ ਸ਼ਾਇਦ ਯਾਦ ਨਹੀਂ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁਰਾਣੇ ਸਾਥੀਆਂ ਦੇ ਰਾਜ ਵਿੱਚ ਬਿਜਲੀ ਦੇ ਲੰਬੇ-ਲੰਬੇ ਕੱਟ ਆਮ ਗੱਲ ਸੀ, ਪਰ ਅੱਜ ਜਦੋਂ ਮਾਨ ਸਰਕਾਰ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੀ ਹੈ, ਤਾਂ ਉਨ੍ਹਾਂ ਨੂੰ ਦਰਦ ਹੋ ਰਿਹਾ ਹੈ।
ਨੀਲ ਗਰਗ ਨੇ ਕਿਹਾ ਕਿ ਜਾਖੜ ਸਾਹਿਬ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਪਾਰਟੀਆਂ ਦੇ ਸਮੇਂ ਕਿਸਾਨ ਕੜਕਦੀ ਠੰਢ ਅਤੇ ਹਨੇਰੀਆਂ ਰਾਤਾਂ ਵਿੱਚ ਖੇਤਾਂ ਨੂੰ ਪਾਣੀ ਦੇਣ ਲਈ ਮਜਬੂਰ ਸੀ। ਘੰਟਿਆਂਬੱਧੀ ਬਿਜਲੀ ਕਟੌਤੀ ਕਾਰਨ ਪੰਜਾਬ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਸੀ। ਬਿਜਲੀ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਚਰਮਰਾ ਗਿਆ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਦੂਰਅੰਦੇਸ਼ੀ ਨਾਲ ਕੰਮ ਨਹੀਂ ਕੀਤਾ।
ਗਰਗ ਨੇ ਕਿਹਾ ਕਿ ਉਸ ਸਮੇਂ ਹਨੇਰਾ ਇਨ੍ਹਾਂ ਲਈ 'ਸਾਧਾਰਨ' ਸੀ ਅਤੇ ਅੱਜ ਜਦੋਂ ਮਾਨ ਸਰਕਾਰ ਸਿਸਟਮ ਨੂੰ ਦਰੁਸਤ ਕਰ ਰਹੀ ਹੈ, ਤਾਂ ਇਨ੍ਹਾਂ ਨੂੰ 'ਸਮੱਸਿਆ' ਨਜ਼ਰ ਆ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। ਅੱਜ ਜੋ ਕੱਟ ਲਗਾਏ ਜਾ ਰਹੇ ਹਨ, ਉਹ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਵੱਡੇ ਤਕਨੀਕੀ ਨੁਕਸਾਨ ਤੋਂ ਬਚਣ ਲਈ ਹਨ।
ਨੀਲ ਗਰਗ ਨੇ ਅੱਗੇ ਕਿਹਾ ਕਿ ਸੱਚਾਈ ਇਹ ਹੈ ਕਿ ਕੁਝ ਨੇਤਾਵਾਂ ਨੂੰ ਪੰਜਾਬ ਵਿੱਚ ਹੋ ਰਿਹਾ 'ਚਾਨਣ' ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਰਿਕਾਰਡ ਬਿਜਲੀ ਉਤਪਾਦਨ ਹੋ ਰਿਹਾ ਹੈ ਅਤੇ ਜਨਤਾ ਨੂੰ ਮੁਫ਼ਤ ਤੇ ਨਿਰਵਿਘਨ ਬਿਜਲੀ ਮਿਲ ਰਹੀ ਹੈ। ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਕਾਰਨ ਜੋ ਸਿਸਟਮ ਕਮਜ਼ੋਰ ਹੋਇਆ ਸੀ, ਉਸ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ 'ਆਪ' ਸਰਕਾਰ ਬਾਖੂਬੀ ਨਿਭਾ ਰਹੀ ਹੈ।
Get all latest content delivered to your email a few times a month.