ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਣੀਆਂਵਾਲਾ ਵਿੱਚ ਆਂਗਨਵਾੜੀ ਸੈਂਟਰ ਵਿੱਚ ਹੋਏ ਮਹਿਲਾ ਹੈਲਪਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਬਹੁਤ ਤੇਜ਼ੀ ਨਾਲ ਸੁਲਝਾ ਲਿਆ ਹੈ। ਮ੍ਰਿਤਕਾ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ, ਜਿਸਦਾ ਕਤਲ ਉਸਦੇ ਹੀ ਸੋਸ਼ਲ ਮੀਡੀਆ ਰਾਹੀਂ ਬਣੇ ਜਾਣ-ਪਛਾਣ ਵਾਲੇ ਵਿਅਕਤੀ ਨੇ ਕੀਤਾ।
ਪੁਲਿਸ ਜਾਂਚ ਅਨੁਸਾਰ, ਕਥਿਤ ਦੋਸ਼ੀ ਕਰਨਦੀਪ ਸਿੰਘ, ਜੋ ਕਿ ਅਜਨਾਲਾ ਦਾ ਰਹਿਣ ਵਾਲਾ ਹੈ, ਕਰੀਬ 6 ਮਹੀਨੇ ਪਹਿਲਾਂ ਰਮਨਦੀਪ ਕੌਰ ਨਾਲ ਸੋਸ਼ਲ ਮੀਡੀਆ 'ਤੇ ਮਿਲਿਆ ਸੀ। ਇਸ ਤੋਂ ਬਾਅਦ ਦੋਹਾਂ ਵਿਚਾਲੇ ਲਗਾਤਾਰ ਗੱਲਬਾਤ ਹੁੰਦੀ ਰਹੀ ਅਤੇ ਰਿਸ਼ਤਾ ਬਣ ਗਿਆ।
ਜਾਣਕਾਰੀ ਮੁਤਾਬਕ, ਕਰਨਦੀਪ ਪਿਛਲੇ ਦਿਨ ਵੀ ਰਮਨਦੀਪ ਨੂੰ ਮਿਲਣ ਆਇਆ ਸੀ, ਪਰ ਮੁਲਾਕਾਤ ਨਹੀਂ ਹੋ ਸਕੀ। ਅੱਜ ਸਵੇਰੇ ਜਦੋਂ ਰਮਨਦੀਪ ਕਰੀਬ 8 ਵਜੇ ਆਂਗਨਵਾੜੀ ਸੈਂਟਰ ਪਹੁੰਚੀ, ਤਾਂ ਕਰਨਦੀਪ ਉੱਥੇ ਆ ਗਿਆ ਅਤੇ ਤਿੱਖੇ ਹਥਿਆਰ ਨਾਲ ਉਸ 'ਤੇ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ।
ਡੀਐਸਪੀ ਲੰਬੀ ਦੇ ਅਨੁਸਾਰ, ਰਮਨਦੀਪ ਕੌਰ ਆਪਣੇ ਕਥਿਤ ਪ੍ਰੇਮੀ ਤੋਂ ਪਰੇਸ਼ਾਨ ਸੀ, ਜਿਸ ਕਾਰਨ ਇਹ ਖੌਫਨਾਕ ਵਾਰਦਾਤ ਵਾਪਰੀ। ਪੁਲਿਸ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Get all latest content delivered to your email a few times a month.