ਤਾਜਾ ਖਬਰਾਂ
ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡਣ ਅਤੇ ਕਿਸੇ ਹੋਰ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਦਰਮਿਆਨ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਰਟੀ ਨਾਲ ਡਟ ਕੇ ਖੜੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਉਨ੍ਹਾਂ ਨੇ ਖੁਦ ਖੜੀ ਕੀਤੀ ਹੈ, ਇਸ ਲਈ ਉਹ ਇਸ ਨੂੰ ਛੱਡ ਕੇ ਪਿੱਠ ਨਹੀਂ ਦਿਖਾ ਸਕਦੇ।
ਢੀਂਡਸਾ ਨੇ ਧਾਰਮਿਕ ਸੰਦਰਭ ਦੇਂਦੇ ਹੋਏ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ‘ਤੇ ਖੜ ਕੇ ਹੁਕਮ ਮੰਨ ਚੁੱਕੇ ਹਨ ਅਤੇ ਗੁਰੂ ਦੇ ਹੁਕਮ ਤੋਂ ਮੁੰਹ ਮੋੜਨਾ ਉਨ੍ਹਾਂ ਲਈ ਸੰਭਵ ਨਹੀਂ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ MLA ਬਣਨਾ ਜਾਂ ਹੋਰ ਰਾਜਨੀਤਿਕ ਪਦ ਪ੍ਰਾਪਤ ਕਰਨਾ ਛੋਟੀਆਂ ਗੱਲਾਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਨਾਲ ਗਠਜੋੜ ਹੁੰਦਾ ਵੀ ਹੈ, ਤਾਂ ਉਹ ਆਪਣੇ ਹਲਕੇ ਲਹਿਰਾ ਗਾਗਾ ਤੋਂ ਹੀ ਚੋਣ ਲੜਣਗੇ ਕਿਉਂਕਿ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ।
ਇਸ ਵਿਚਕਾਰ, ਪਾਰਟੀ ਨੂੰ ਝਟਕਾ ਲੱਗਦਾ ਹੋਇਆ ਵੇਖਿਆ ਗਿਆ ਜਦੋਂ ਸੀਨੀਅਰ ਲੀਡਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਭਾਵੁਕ ਸੰਦੇਸ਼ ਜਾਰੀ ਕਰਦਿਆਂ ਆਪਣਾ ਫੈਸਲਾ ਸਾਂਝਾ ਕੀਤਾ।
ਉਧਰ, ਪੰਥਕ ਰਾਜਨੀਤੀ ਵਿੱਚ ਨਵਾਂ ਮੋੜ ਆਇਆ ਹੈ ਜਿੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਕਾਰ ਚੋਣ ਗਠਜੋੜ ਹੋ ਗਿਆ ਹੈ। ਦੋਵਾਂ ਧਿਰਾਂ ਦੀਆਂ ਤਾਲਮੇਲ ਕਮੇਟੀਆਂ ਨੂੰ ਜੋੜ ਕੇ ‘ਪੰਥਕ ਤਾਲਮੇਲ ਕਮੇਟੀ’ ਬਣਾਈ ਗਈ ਹੈ, ਜਿਸ ਦਾ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਨੂੰ ਨਿਯੁਕਤ ਕੀਤਾ ਗਿਆ ਹੈ।
Get all latest content delivered to your email a few times a month.