IMG-LOGO
ਹੋਮ ਰਾਸ਼ਟਰੀ: CBSE 10ਵੀਂ 'ਚ 92% ਅੰਕ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ...

CBSE 10ਵੀਂ 'ਚ 92% ਅੰਕ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਅਧਿਆਪਕਾਂ 'ਤੇ ਮਾਨਸਿਕ ਪ੍ਰੇਸ਼ਾਨੀ ਦੇ ਇਲਜ਼ਾਮ

Admin User - Apr 18, 2026 02:55 PM
IMG

CBSE 10ਵੀਂ ਬੋਰਡ ਦੀ ਪ੍ਰੀਖਿਆ ਵਿੱਚ 92 ਫ਼ੀਸਦੀ ਸ਼ਾਨਦਾਰ ਅੰਕ ਹਾਸਲ ਕਰਨ ਦੇ ਬਾਵਜੂਦ ਇੱਕ 16 ਸਾਲਾ ਹੋਣਹਾਰ ਵਿਦਿਆਰਥਣ ਵੱਲੋਂ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਤੀਜਾ ਐਲਾਨੇ ਜਾਣ ਦੇ ਮਹਿਜ਼ 24 ਘੰਟਿਆਂ ਬਾਅਦ ਕਾਨਪੁਰ ਦੀ ਵੈਸ਼ਾਲੀ ਸਿੰਘ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਧਦੇ ਮਾਨਸਿਕ ਦਬਾਅ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।


ਰਤਨਪੁਰ ਸ਼ਿਵਾਲਿਕਾ ਭਵਨ ਦੀ ਰਹਿਣ ਵਾਲੀ ਵੈਸ਼ਾਲੀ ਸਿੰਘ ਕੇਂਦਰੀ ਵਿਦਿਆਲਿਆ-1, ਅਰਮਾਪੁਰ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਸੀ। ਬੁੱਧਵਾਰ ਸ਼ਾਮ ਨੂੰ ਜਦੋਂ CBSE ਬੋਰਡ ਦੇ ਨਤੀਜੇ ਆਏ ਤਾਂ ਵੈਸ਼ਾਲੀ ਨੂੰ 92% ਅੰਕ ਮਿਲੇ ਸਨ। ਪਰਿਵਾਰ ਅਤੇ ਦੋਸਤ ਇਸ ਪ੍ਰਾਪਤੀ 'ਤੇ ਖੁਸ਼ ਸਨ, ਪਰ ਵੈਸ਼ਾਲੀ ਅੰਦਰੋਂ ਟੁੱਟ ਚੁੱਕੀ ਸੀ | 


ਵੀਰਵਾਰ ਸ਼ਾਮ ਕਰੀਬ 5:30 ਵਜੇ ਜਦੋਂ ਉਸਦੀ ਮਾਂ ਕਾਜਲ ਨੇ ਕਈ ਵਾਰ ਫੋਨ ਕੀਤਾ ਪਰ ਕਾਲ ਰਿਸੀਵ ਨਹੀਂ ਹੋਈ, ਤਾਂ ਉਨ੍ਹਾਂ ਨੇ ਬੇਟੇ ਪ੍ਰਿੰਸ ਨੂੰ ਵੈਸ਼ਾਲੀ ਦੇ ਕਮਰੇ ਵਿੱਚ ਦੇਖਣ ਲਈ ਕਿਹਾ। ਪ੍ਰਿੰਸ ਜਦੋਂ ਪਹਿਲੀ ਮੰਜ਼ਿਲ 'ਤੇ ਪਹੁੰਚਿਆ ਤਾਂ ਉਸ ਦੀ ਭੈਣ ਫਾਹੇ ਨਾਲ ਲਟਕ ਰਹੀ ਸੀ। ਪਰਿਵਾਰ ਨੇ ਤੁਰੰਤ ਪਨਕੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮੋਬਾਈਲ ਜ਼ਬਤ ਕਰ ਲਿਆ ਹੈ।


ਜਾਂਚ ਦੌਰਾਨ ਵੈਸ਼ਾਲੀ ਵੱਲੋਂ ਆਪਣੇ ਦੋਸਤਾਂ ਨੂੰ ਭੇਜੀਆਂ ਗਈਆਂ ਵੌਇਸ ਰਿਕਾਰਡਿੰਗਾਂ ਸਾਹਮਣੇ ਆਈਆਂ ਹਨ। ਉਨ੍ਹਾਂ ਵਿੱਚ ਉਹ ਸਾਫ਼ ਕਹਿ ਰਹੀ ਸੀ, "ਮੈਥੋਂ ਜੀਵਿਆ ਨਹੀਂ ਜਾਵੇਗਾ... ਮੈਂ ਇੱਕ ਜ਼ਿੰਦਾ ਲਾਸ਼ ਬਣ ਗਈ ਹਾਂ... ਹੁਣ ਮੈਨੂੰ ਜੀਣ ਦੀ ਇੱਛਾ ਨਹੀਂ ਹੈ।" ਉਸਨੇ ਭਰਾ ਨੂੰ ਦੱਸਿਆ ਸੀ ਕਿ ਉਸਨੂੰ ਬਹੁਤ ਡਰ ਲੱਗਦਾ ਹੈ ਅਤੇ ਮਾਂ ਇੰਨਾ ਪੈਸਾ ਖਰਚ ਕਰ ਰਹੀ ਹੈ, ਕਿਤੇ ਉਨ੍ਹਾਂ ਦਾ ਪੈਸਾ ਬਰਬਾਦ ਨਾ ਹੋ ਜਾਵੇ।


ਪਰਿਵਾਰ ਦੀ ਹਾਲਤ ਪਹਿਲਾਂ ਹੀ ਨਾਜ਼ੁਕ ਸੀ। ਦੋ ਸਾਲ ਪਹਿਲਾਂ ਪਿਤਾ ਵੀਰੇਂਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਾਂ ਕਾਜਲ ਕੱਪੜੇ ਦੇ ਸ਼ੋਰੂਮ ਵਿੱਚ ਕੰਮ ਕਰਕੇ ਘਰ ਚਲਾ ਰਹੀ ਸੀ।


ਪੀੜਤ ਪਰਿਵਾਰ ਅਨੁਸਾਰ, ਸਕੂਲ ਦੇ ਕੁਝ ਅਧਿਆਪਕਾਂ ਨੇ ਵੈਸ਼ਾਲੀ ਦੀ ਤੁਲਨਾ ਉਸਦੇ ਭਰਾ ਪ੍ਰਿੰਸ ਨਾਲ ਕਰਦੇ ਹੋਏ ਉਸਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਵਾਰ-ਵਾਰ ਕਹਿੰਦੇ ਸਨ, "ਤੁਸੀਂ ਪ੍ਰਿੰਸ ਦੀ ਭੈਣ ਹੋ, ਉਸੇ ਵਾਂਗ ਸ਼ੈਤਾਨੀ ਕਰਦੇ ਹੋ, ਤੁਹਾਡੇ ਵੀ ਨੰਬਰ ਚੰਗੇ ਨਹੀਂ ਆਉਣਗੇ।" ਇਸ ਲਗਾਤਾਰ ਟਾਰਚਰ ਨੇ ਵੈਸ਼ਾਲੀ ਨੂੰ ਡੂੰਘੇ ਤਣਾਅ ਵਿੱਚ ਪਾ ਦਿੱਤਾ ਸੀ।


ਵੈਸ਼ਾਲੀ ਅਕਸਰ ਕਹਿੰਦੀ ਸੀ, "ਜਿਨ੍ਹਾਂ ਟੀਚਰਾਂ ਨੇ ਮੈਨੂੰ ਗਲਤ ਬੋਲਿਆ ਹੈ, ਉਨ੍ਹਾਂ ਨੂੰ ਸਾਬਤ ਕਰਕੇ ਦਿਖਾਵਾਂਗੀ।" ਹਾਲਾਂਕਿ ਉਸਨੇ ਮਿਹਨਤ ਕੀਤੀ ਅਤੇ ਚੰਗੇ ਨੰਬਰ ਵੀ ਲਏ, ਪਰ ਅਧਿਆਪਕਾਂ ਦੇ ਲਗਾਤਾਰ ਹੈਰਾਸਮੈਂਟ ਕਾਰਨ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਭਰਾ ਪ੍ਰਿੰਸ ਦਾ ਕਹਿਣਾ ਹੈ ਕਿ 92% ਅੰਕ ਆਉਣ ਦੇ ਬਾਵਜੂਦ ਉਹ ਖੁਦ ਨੂੰ ਅਸਫਲ ਸਮਝ ਰਹੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਸਬੰਧਤ ਅਧਿਆਪਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.