IMG-LOGO
ਹੋਮ ਪੰਜਾਬ, ਰਾਸ਼ਟਰੀ, ਗੁਰੂ ਕੀ ਨਗਰੀ ਪਹੁੰਚੇ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ, ਹੇਮਕੁੰਟ...

ਗੁਰੂ ਕੀ ਨਗਰੀ ਪਹੁੰਚੇ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ, ਹੇਮਕੁੰਟ ਸਾਹਿਬ ਰੋਪਵੇਅ ਬਾਰੇ ਦਿੱਤੀ ਵੱਡੀ ਖ਼ਬਰ

Admin User - Apr 18, 2026 01:17 PM
IMG

ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਰਿਟਾ.) ਗੁਰਮੀਤ ਸਿੰਘ ਅੱਜ ਅਧਿਆਤਮਿਕ ਯਾਤਰਾ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ ਰਾਜਪਾਲ ਨੂੰ ਸਨਮਾਨ ਵਜੋਂ ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਭੇਟ ਕੀਤਾ ਗਿਆ।


ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਭਾਵੁਕ ਲਹਿਜੇ ਵਿੱਚ ਕਿਹਾ ਕਿ ਉਹ ਖੁਦ ਨੂੰ ਵਡਭਾਗੀ ਮੰਨਦੇ ਹਨ ਕਿ ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਜਲਾਲ ਉਸਮਾ ਵਿੱਚ ਹੋਇਆ। ਉਨ੍ਹਾਂ ਕਿਹਾ, "ਮੇਰਾ ਇਸ ਪਵਿੱਤਰ ਧਰਤੀ ਨਾਲ ਬਚਪਨ ਦਾ ਰਿਸ਼ਤਾ ਹੈ। ਫੌਜ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਕਰੀਅਰ ਸ਼ੁਰੂ ਕਰਨ ਵੇਲੇ ਵੀ ਮੈਂ ਇੱਥੋਂ ਹੀ ਅਸ਼ੀਰਵਾਦ ਲਿਆ ਸੀ।" ਉਨ੍ਹਾਂ ਅੱਗੇ ਕਿਹਾ ਕਿ ਦਰਬਾਰ ਸਾਹਿਬ ਦੀ ਫੇਰੀ ਉਨ੍ਹਾਂ ਦੀ ਰੂਹ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ।


ਰਾਜਪਾਲ ਨੇ ਸ਼ਰਧਾਲੂਆਂ ਲਈ ਇੱਕ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਲਗਾਉਣ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ 'ਤੇ ਹੈ। ਕੰਟਰੈਕਟ ਸਾਈਨ ਹੋ ਚੁੱਕਾ ਹੈ ਅਤੇ ਜਲਦ ਹੀ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਪਹਾੜੀ ਚੜ੍ਹਾਈ ਚੜ੍ਹਨ ਵਿੱਚ ਅਸਮਰੱਥ ਸੰਗਤਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕੇਂਦਰ ਸਰਕਾਰ ਦੇ 'ਵੀਰ ਬਾਲ ਦਿਵਸ' ਅਤੇ ਕਰਤਾਰਪੁਰ ਲਾਂਘੇ ਵਰਗੇ ਫੈਸਲਿਆਂ ਦੀ ਵੀ ਪ੍ਰਸ਼ੰਸਾ ਕੀਤੀ।


ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਪਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦੀ ਮਿੱਟੀ ਦੇ ਜਾਏ ਦਾ ਦੇਸ਼ ਦੇ ਇੰਨੇ ਉੱਚੇ ਅਹੁਦੇ 'ਤੇ ਪਹੁੰਚਣਾ ਪੂਰੇ ਪੰਜਾਬ ਲਈ ਫ਼ਖ਼ਰ ਦੀ ਗੱਲ ਹੈ। ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਮੌਕੇ ਹੋਈ ਇਸ ਫੇਰੀ ਨੇ ਖੁਸ਼ੀਆਂ ਨੂੰ ਦੂਣਾ ਕਰ ਦਿੱਤਾ। ਐਡਵੋਕੇਟ ਧਾਮੀ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਦੱਸੇ ਹੋਏ 'ਸੇਵਾ ਅਤੇ ਸਿਮਰਨ' ਦੇ ਮਾਰਗ 'ਤੇ ਚੱਲਣ ਦੀ ਅਪੀਲ ਵੀ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.