ਤਾਜਾ ਖਬਰਾਂ
ਰਾਜਧਾਨੀ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ਸੀ.ਆਰ. ਪਾਰਕ (ਚਿਤਰੰਜਨ ਪਾਰਕ) ਵਿੱਚ ਬੀਤੀ ਰਾਤ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਤਾਰਾ ਅਪਾਰਟਮੈਂਟਸ ਵਿੱਚ ਇੱਕ ਫਲੈਟ ਦੇ ਅੰਦਰ ਪਿਤਾ-ਪੁੱਤਰ 'ਤੇ ਚਾਕੂਆਂ ਨਾਲ ਤਾਬੜਤੋੜ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਸ ਦੋਹਰੇ ਕਤਲ ਕਾਂਡ ਤੋਂ ਬਾਅਦ ਪੂਰੀ ਸੁਸਾਇਟੀ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਮ੍ਰਿਤਕਾਂ ਦੀ ਪਛਾਣ 60 ਸਾਲਾ ਰਾਕੇਸ਼ ਅਤੇ ਉਨ੍ਹਾਂ ਦੇ 30 ਸਾਲਾ ਪੁੱਤਰ ਕਰਨ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਪਿੱਛੇ ਪੈਸਿਆਂ ਦਾ ਪੁਰਾਣਾ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਰਾਕੇਸ਼ ਦੇ ਘਰ ਕਿਸੇ ਵਿੱਤੀ ਮਾਮਲੇ 'ਤੇ ਗੱਲ ਕਰਨ ਆਇਆ ਸੀ, ਪਰ ਬਹਿਸ ਇੰਨੀ ਵਧ ਗਈ ਕਿ ਗੁੱਸੇ ਵਿੱਚ ਆਏ ਮੁਲਜ਼ਮ ਨੇ ਪਿਤਾ-ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਤੋਂ ਬਾਅਦ ਦੋਵੇਂ ਗੰਭੀਰ ਜ਼ਖ਼ਮੀ ਹਾਲਤ ਵਿੱਚ ਖ਼ੂਨ ਨਾਲ ਲੱਥਪੱਥ ਫਲੈਟ ਵਿੱਚ ਪਏ ਮਿਲੇ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਾਫੀ ਜੱਦੋ-ਜਹਿਦ ਕੀਤੀ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦੋਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਖ਼ਸ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੇ ਫ਼ਰਾਰ ਹੋਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਵੇਗਾ।
Get all latest content delivered to your email a few times a month.