ਤਾਜਾ ਖਬਰਾਂ
ਇੰਡੋਨੇਸ਼ੀਆ ਦੇ ਬੋਰਨੀਓ ਟਾਪੂ 'ਤੇ ਦੋ ਪਾਮ ਤੇਲ ਦੇ ਬਾਗਾਂ (Plantations) ਵਿਚਕਾਰ ਉਡਾਣ ਭਰ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ ਹੈ।
ਪੀਟੀ ਮੈਥਿਊ ਏਅਰ ਨੁਸੰਤਾਰਾ ਕੰਪਨੀ ਦਾ ਇਹ ਏਅਰਬੱਸ H130 ਮਾਡਲ ਹੈਲੀਕਾਪਟਰ ਵੀਰਵਾਰ ਨੂੰ ਪੱਛਮੀ ਕਾਲੀਮੰਤਨ ਸੂਬੇ ਦੇ ਮੇਲਾਵੀ ਜ਼ਿਲ੍ਹੇ ਤੋਂ ਉਡਾਣ ਭਰਿਆ ਸੀ। ਉਡਾਣ ਭਰਨ ਦੇ ਮਹਿਜ਼ ਪੰਜ ਮਿੰਟ ਬਾਅਦ ਹੀ ਇਸ ਦਾ ਸੰਪਰਕ ਟੁੱਟ ਗਿਆ। ਇਹ ਹੈਲੀਕਾਪਟਰ ਕੁਬੂ ਰਾਇਆ ਜ਼ਿਲ੍ਹੇ ਵਿੱਚ ਸਥਿਤ ਇੱਕ ਹੋਰ ਪਾਮ ਆਇਲ ਪਲਾਂਟੇਸ਼ਨ ਵੱਲ ਜਾ ਰਿਹਾ ਸੀ।
ਨੈਸ਼ਨਲ ਸਰਚ ਐਂਡ ਰੈਸਕਿਊ ਏਜੰਸੀ ਅਤੇ ਟਰਾਂਸਪੋਰਟ ਮੰਤਰਾਲੇ ਅਨੁਸਾਰ, ਖੋਜ ਟੀਮਾਂ ਨੇ ਸੇਕਾਡਾਊ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿੱਚ ਹੈਲੀਕਾਪਟਰ ਦਾ ਮਲਬਾ ਲੱਭ ਲਿਆ ਹੈ। ਬਚਾਅ ਕਰਮਚਾਰੀਆਂ ਨੇ ਮੌਕੇ ਤੋਂ ਦੋ ਕਰੂ ਮੈਂਬਰਾਂ ਅਤੇ ਛੇ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮਰਨ ਵਾਲਿਆਂ ਵਿੱਚ ਇੱਕ ਮਲੇਸ਼ੀਆਈ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਲਗਭਗ 27 ਕਰੋੜ ਦੀ ਆਬਾਦੀ ਵਾਲਾ ਇੰਡੋਨੇਸ਼ੀਆ ਇੱਕ ਵਿਸ਼ਾਲ ਟਾਪੂ ਸਮੂਹ ਦੇਸ਼ ਹੈ, ਜੋ ਅਕਸਰ ਅਜਿਹੇ ਆਵਾਜਾਈ ਹਾਦਸਿਆਂ ਨਾਲ ਜੂਝਦਾ ਰਹਿੰਦਾ ਹੈ। ਇੱਥੇ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਦਾ ਹਾਦਸਾਗ੍ਰਸਤ ਹੋਣਾ ਅਤੇ ਸਮੁੰਦਰੀ ਜਹਾਜ਼ਾਂ (ਫੈਰੀਆਂ) ਦੇ ਡੁੱਬਣ ਦੀਆਂ ਘਟਨਾਵਾਂ ਆਮ ਹਨ, ਜਿਸ ਦਾ ਮੁੱਖ ਕਾਰਨ ਖਰਾਬ ਮੌਸਮ ਅਤੇ ਪੁਰਾਣਾ ਬੁਨਿਆਦੀ ਢਾਂਚਾ ਮੰਨਿਆ ਜਾਂਦਾ ਹੈ।
Get all latest content delivered to your email a few times a month.