ਤਾਜਾ ਖਬਰਾਂ
ਪੰਜਾਬ ਦੇ ਰੇਲ ਮੁਸਾਫਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕਿਸਾਨ ਜਥੇਬੰਦੀਆਂ ਵੱਲੋਂ ਕਣਕ ਦੀ ਖ਼ਰੀਦ ਵਿੱਚ ਦੇਰੀ ਅਤੇ ਸਖ਼ਤ ਨਿਯਮਾਂ ਵਿਰੁੱਧ ਅੱਜ ਦਿੱਤਾ ਜਾਣ ਵਾਲਾ ‘ਰੇਲ ਰੋਕੋ’ ਸੱਦਾ ਫਿਲਹਾਲ ਵਾਪਸ ਲੈ ਲਿਆ ਗਿਆ ਹੈ। ਕਿਸਾਨ ਮਜ਼ਦੂਰ ਮੋਰਚਾ ਅਤੇ ਐਸ.ਕੇ.ਐਮ. (ਗੈਰ-ਸਿਆਸੀ) ਦੀ ਸਾਂਝੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਦੀ ਬੇਨਤੀ ’ਤੇ ਉਨ੍ਹਾਂ ਨੂੰ ਮਸਲੇ ਹੱਲ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਜਾਵੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗਣ ਵਾਲੇ ਰੇਲ ਜਾਮ ਹੁਣ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਅਤੇ ਸਰਕਾਰ ਦੇ ਭਰੋਸੇ ਨੂੰ ਮੁੱਖ ਰੱਖਦਿਆਂ ਸੰਘਰਸ਼ ਨੂੰ ਕੁਝ ਸਮੇਂ ਲਈ ਵਿਰਾਮ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਖ਼ਰੀਦ ਪ੍ਰਕਿਰਿਆ ਵਿੱਚ ਮੁੱਖ ਅੜਿੱਕਾ ਕੇਂਦਰ ਸਰਕਾਰ ਦੇ ਨਿਯਮ ਹਨ। ਪੰਧੇਰ ਨੇ ਕਿਹਾ:
ਸੁੰਗੜੇ ਅਤੇ ਰੰਗਹੀਣ (Discolor) ਦਾਣੇ ਦੀ ਪ੍ਰਤੀਸ਼ਤਤਾ ਵਿੱਚ ਛੋਟ ਮਿਲਣੀ ਅਜੇ ਬਾਕੀ ਹੈ।
ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਚਿੱਠੀ ਲਿਖਣ ਵਿੱਚ ਹੋਈ ਦੇਰੀ ਕਾਰਨ ਕਿਸਾਨਾਂ ਨੂੰ ਪਿਛਲੇ ਦੋ ਹਫ਼ਤਿਆਂ ਤੋਂ ਮੰਡੀਆਂ ਵਿੱਚ ਖੱਜਲ ਹੋਣਾ ਪਿਆ।
ਹਾਲਾਂਕਿ ਕੁਝ ਥਾਵਾਂ 'ਤੇ ਖ਼ਰੀਦ ਸ਼ੁਰੂ ਹੋਈ ਹੈ, ਪਰ ਨਿਯਮਾਂ ਵਿੱਚ ਢਿੱਲ ਮਿਲਣ ਤੋਂ ਬਾਅਦ ਹੀ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸੁਚਾਰੂ ਹੋ ਸਕੇਗੀ।
ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਹਿਜ਼ ਇੱਕ ਅਸਥਾਈ ਰਾਹਤ ਹੈ। ਅਗਲੇਰੀ ਰਣਨੀਤੀ ਤੈਅ ਕਰਨ ਲਈ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ। ਪੰਧੇਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਮੰਡੀਆਂ ਵਿੱਚ ਖ਼ਰੀਦ ਦੌਰਾਨ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਸਥਾਨਕ ਪੱਧਰ ’ਤੇ ਇਕਜੁੱਟ ਰਹਿਣ। ਉਨ੍ਹਾਂ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਹੱਕਾਂ ਦੀ ਲੜਾਈ ਲਈ ਸਰਕਾਰ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਹੈ।
Get all latest content delivered to your email a few times a month.