ਤਾਜਾ ਖਬਰਾਂ
ਪੰਜਾਬ ਵਿੱਚ ਬੇਲਗਾਮ ਹੋ ਰਹੀ ਰਫ਼ਤਾਰ ਨੇ ਅੱਜ ਇੱਕ ਹੋਰ ਚਿਰਾਗ ਬੁਝਾ ਦਿੱਤਾ ਹੈ। ਬਰਨਾਲਾ ਦੀ ਪੱਤੀ ਰੋਡ 'ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਭਦੌੜ ਦੇ ਪਿੰਡ ਬੱਲੋਕੇ ਦੇ ਇੱਕ ਸਰਪੰਚ ਦੇ ਪੁੱਤਰ ਨੇ ਆਪਣੀ ਤੇਜ਼ ਰਫ਼ਤਾਰ ਕਾਲੀ ਥਾਰ ਨਾਲ ਸੜਕ ਕਿਨਾਰੇ ਖੜ੍ਹੇ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ 55 ਸਾਲਾ ਜਗਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਗੱਡੀ ਜਗਤਾਰ ਸਿੰਘ ਨੂੰ ਕਰੀਬ 100 ਫੁੱਟ ਤੱਕ ਸੜਕ 'ਤੇ ਘਸੀਟਦੀ ਲੈ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦੇ ਸਰੀਰ ਦੇ ਅੰਗ ਤੱਕ ਵੱਖ ਹੋ ਗਏ। ਵਾਰਦਾਤ ਤੋਂ ਬਾਅਦ ਕਥਿਤ ਦੋਸ਼ੀ ਪਰਮਵੀਰ ਸਿੰਘ ਆਪਣੇ ਤਿੰਨ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਿਸੇ ਵਿਆਹ ਸਮਾਗਮ ਤੋਂ ਪਰਤ ਰਹੇ ਸਨ।
ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਅਤੇ ਪੁੱਤਰ ਸ਼ਮਸ਼ੇਰ ਸਿੰਘ ਨੇ ਰੋਂਦਿਆਂ ਦੱਸਿਆ ਕਿ ਜਗਤਾਰ ਸਿੰਘ ਇੱਕ ਨਿੱਜੀ ਸਕੂਲ ਦੀ ਬੱਸ ਚਲਾ ਕੇ 6 ਜੀਆਂ ਦੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਘਰ ਦੀ ਹਾਲਤ ਬੇਹੱਦ ਨਾਜ਼ੁਕ ਹੈ; ਮ੍ਰਿਤਕ ਦਾ ਪੁੱਤਰ ਅੰਗਹੀਣ ਹੈ, ਦੋ ਛੋਟੀਆਂ ਧੀਆਂ ਹਨ ਅਤੇ ਸਿਰ 'ਤੇ 2 ਲੱਖ ਰੁਪਏ ਦਾ ਕਰਜ਼ਾ ਹੈ। ਪਰਿਵਾਰ ਨੇ ਸਵਾਲ ਉਠਾਇਆ ਹੈ ਕਿ ਹੁਣ ਇਸ ਗਰੀਬ ਪਰਿਵਾਰ ਦੀ ਬਾਂਹ ਕੌਣ ਫੜੇਗਾ?
ਪਰਿਵਾਰ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਗੱਡੀ 'ਤੇ ਸਰਕਾਰੀ ਪਲੇਟਾਂ ਲੱਗੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦੂਜੇ ਪਾਸੇ, ਸਬ-ਇੰਸਪੈਕਟਰ ਗਿਆਨ ਸਿੰਘ ਨੇ ਦੱਸਿਆ ਕਿ:
"ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ 'ਤੇ ਦੋਸ਼ੀ ਪਰਮਵੀਰ ਸਿੰਘ ਵਾਸੀ ਬੱਲੋਕੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਥਾਰ ਗੱਡੀ ਬਰਾਮਦ ਕਰ ਲਈ ਜਾਵੇਗੀ।"
ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਹੋਰ ਗਰੀਬ ਦਾ ਘਰ ਨਾ ਉਜੜੇ।
Get all latest content delivered to your email a few times a month.