ਤਾਜਾ ਖਬਰਾਂ
ਬਰਨਾਲਾ, 11 ਅਪ੍ਰੈਲ -ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐੱਸ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਦੀ ਅਦਾਲਤ ਨੇ 7 ਵੱਖ-ਵੱਖ ਮਾਮਲਿਆਂ ਵਿੱਚ ਫਰਮਾਂ ਅਤੇ ਮਾਲਕਾਂ ’ਤੇ ਕੁੱਲ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁੱਧ, ਪਨੀਰ, ਸਰੋਂ ਦਾ ਤੇਲ ਅਤੇ ਹੋਰ ਡੇਅਰੀ ਅਤੇ ਖਾਧ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਨਿਯਮਿਤ ਚੈਕਿੰਗ ਅਤੇ ਨਮੂਨੇ ਇਕੱਠੇ ਕਰਨ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਕੱਠੇ ਕੀਤੇ ਨਮੂਨੇ ਖਰੜ ਲੈਬ ਵਿੱਚ ਜਾਂਚ ਲਈ ਭੇਜੇ ਜਾਂਦੇ ਹਨ, ਜਿੱਥੇ ਮਾਪਦੰਡਾਂ ’ਤੇ ਖਰੇ ਨਾ ਉਤਰਣ ਵਾਲੇ ਨਮੂਨਿਆਂ ਦੇ ਮਾਮਲੇ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ 9 ਅਪ੍ਰੈਲ ਨੂੰ ਸੁਣਵਾਈ ਦੌਰਾਨ ਜਿਨ੍ਹਾਂ ਮਾਮਲਿਆਂ ਵਿੱਚ ਜੁਰਮਾਨਾ ਕੀਤਾ ਗਿਆ, ਉਨ੍ਹਾਂ ਵਿੱਚ ਮਿਲਕ ਕੇਕ, ਖੋਆ, ਪਨੀਰ ਅਤੇ ਵੱਖ-ਵੱਖ ਥਾਵਾਂ ਦੇ ਸਰੋਂ ਅਤੇ ਕੂਕਿੰਗ ਤੇਲ ਦੇ ਨਮੂਨੇ ਸਬ-ਸਟੈਂਡਰਡ ਪਾਏ ਗਏ। ਇਹ ਮਾਮਲੇ ਬਰਨਾਲਾ, ਧਨੌਲਾ, ਘੁੰਨਸ, ਹੰਡਿਆਇਆ ਅਤੇ ਤਪਾ ਇਲਾਕਿਆਂ ਨਾਲ ਸੰਬੰਧਿਤ ਹਨ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਹੋਵੇ।
ਗੌਰਤਲਬ ਹੈ ਕਿ ਜਨਵਰੀ ਤੋਂ ਮਾਰਚ 2026 ਤੱਕ ਸਿਹਤ ਵਿਭਾਗ ਵੱਲੋਂ 29 ਖਾਧ ਪਦਾਰਥਾਂ ਦੇ ਨਮੂਨੇ ਇਕੱਠੇ ਕੀਤੇ ਗਏ, ਜਿਨ੍ਹਾਂ ਵਿੱਚੋਂ 18 ਨਮੂਨੇ ਮਾਪਦੰਡਾਂ ’ਤੇ ਖਰੇ ਉਤਰੇ ਜਦਕਿ 11 ਨਮੂਨੇ ਫੇਲ ਹੋ ਗਏ, ਜਿਸ ਨਾਲ ਮਿਲਾਵਟਖੋਰੀ ਦੀ ਸਮੱਸਿਆ ਦੀ ਗੰਭੀਰਤਾ ਸਾਹਮਣੇ ਆਉਂਦੀ ਹੈ।
Get all latest content delivered to your email a few times a month.