ਤਾਜਾ ਖਬਰਾਂ
ਅੰਮ੍ਰਿਤਸਰ-ਅਟਾਰੀ ਮੁੱਖ ਮਾਰਗ 'ਤੇ ਸਥਿਤ ਖਾਸਾ ਦੇ ਨਜ਼ਦੀਕ ਅੱਜ ਇੱਕ ਮੰਦਭਾਗੀ ਘਟਨਾ ਵਾਪਰ ਗਈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਇੱਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਦਿੱਲੀ-ਲਾਹੌਰ ਅੰਤਰਰਾਸ਼ਟਰੀ ਮਾਰਗ ਰਾਹੀਂ ਸ਼ਰਧਾਲੂਆਂ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਛੱਡ ਕੇ ਵਾਪਸ ਅੰਮ੍ਰਿਤਸਰ ਵੱਲ ਪਰਤ ਰਹੀ ਸੀ।
ਰਾਹਤ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਬੱਸ ਵਿੱਚ ਕੋਈ ਵੀ ਸ਼ਰਧਾਲੂ ਮੌਜੂਦ ਨਹੀਂ ਸੀ। ਬੱਸ ਵਿੱਚ ਸਿਰਫ਼ ਡਰਾਈਵਰ ਹੀ ਸਵਾਰ ਸੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਮਦਦ ਪਹੁੰਚਾਈ। ਕਿਸੇ ਕਿਸਮ ਦਾ ਵੱਡਾ ਜਾਨੀ ਨੁਕਸਾਨ ਨਾ ਹੋਣ ਕਾਰਨ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਨੇ ਸੁੱਖ ਦਾ ਸਾਹ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਨੁਸਾਰ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
Get all latest content delivered to your email a few times a month.