ਤਾਜਾ ਖਬਰਾਂ
ਖੰਨਾ ਪੁਲਿਸ ਨੇ ਗੈਂਗਸਟਰਾਂ ਅਤੇ ਅਪਰਾਧਕ ਤੱਤਾਂ ਖ਼ਿਲਾਫ਼ ਚੱਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਮਹੱਤਵਪੂਰਨ ਸਫਲਤਾ ਦਰਜ ਕੀਤੀ ਹੈ। ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਦੇਖਰੇਖ ਅਤੇ ਕਪਤਾਨ ਪੁਲਿਸ (ਆਈ) ਪਵਨਜੀਤ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦਿੱਲੀ-ਲੁਧਿਆਣਾ ਜੀ.ਟੀ. ਰੋਡ 'ਤੇ ਪ੍ਰਿਸਟਾਇਨ ਮਾਲ ਨੇੜੇ ਨਾਕੇਬੰਦੀ ਦੌਰਾਨ ਇੱਕ ਸ਼ੱਕੀ ਸਕਾਰਪਿਓ ਕਾਰ ਨੂੰ ਰੋਕਿਆ। ਕਾਰ ਸਵਾਰਾਂ ਨੇ ਪੁਲਿਸ ਨੂੰ ਵੇਖ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ, ਪਰ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਕੇ ਕਾਬੂ ਕਰ ਲਿਆ।
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਜੋਰਾਵਰ ਸਿੰਘ, ਜੋਬਨਜੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ, ਜਦਕਿ ਇਸ ਕਾਰਵਾਈ ਵਿੱਚ ਕੁੱਲ 6 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਵਾਹਨ ਦੀ ਤਲਾਸ਼ੀ ਦੌਰਾਨ ਪੁਲਿਸ ਨੇ 3 ਪਿਸਟਲਾਂ (2 .32 ਬੋਰ ਅਤੇ 1 .30 ਬੋਰ) ਸਮੇਤ ਮੈਗਜ਼ੀਨਾਂ ਅਤੇ ਕੁੱਲ 18 ਜਿੰਦਾ ਰੌਂਦ ਬਰਾਮਦ ਕੀਤੇ, ਜੋ ਕਿ ਨਾਜਾਇਜ਼ ਤੌਰ 'ਤੇ ਰੱਖੇ ਗਏ ਸਨ।
ਪ੍ਰਾਰੰਭਿਕ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਜੋਰਾਵਰ ਸਿੰਘ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਆਪਣੀ ਸੁਰੱਖਿਆ ਲਈ ਇਹ ਹਥਿਆਰ ਰੱਖੇ ਹੋਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਸਿਟੀ-2 ਖੰਨਾ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਹੇਠ ਕੇਸ ਦਰਜ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ, ਦੋਸ਼ੀਆਂ ਨਾਲ ਹੋਰ ਡੂੰਘੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਇਸ ਮਾਮਲੇ ਨਾਲ ਜੁੜੀਆਂ ਹੋਰ ਵੀ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
Get all latest content delivered to your email a few times a month.