IMG-LOGO
ਹੋਮ ਪੰਜਾਬ: ਸੁਖਬੀਰ ਬਾਦਲ ਦੇ 'ਸਾਜ਼ਿਸ਼' ਵਾਲੇ ਬਿਆਨ 'ਤੇ ਗਿਆਨੀ ਰਘਬੀਰ ਸਿੰਘ...

ਸੁਖਬੀਰ ਬਾਦਲ ਦੇ 'ਸਾਜ਼ਿਸ਼' ਵਾਲੇ ਬਿਆਨ 'ਤੇ ਗਿਆਨੀ ਰਘਬੀਰ ਸਿੰਘ ਦਾ ਪਲਟਵਾਰ, 'ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਸਾਬਤ ਕਰਨ ਇਲਜ਼ਾਮ'

Admin User - Apr 08, 2026 11:10 AM
IMG

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਗਏ 'ਸਾਜ਼ਿਸ਼' ਦੇ ਇਲਜ਼ਾਮਾਂ ਨੇ ਸਿੱਖ ਸਿਆਸਤ ਵਿੱਚ ਨਵਾਂ ਭੂਚਾਲ ਲਿਆ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਸੁਖਬੀਰ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਕਿਸੇ ਸਾਜ਼ਿਸ਼ ਦਾ ਹਿੱਸਾ ਸੀ, ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸੰਗਤ ਦੇ ਸਾਹਮਣੇ ਇਸ ਨੂੰ ਸਾਬਤ ਕਰਨ।


ਸਾਬਕਾ ਜਥੇਦਾਰ ਨੇ ਸਪੱਸ਼ਟ ਕੀਤਾ ਕਿ 2 ਦਸੰਬਰ ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਖੁਦ ਆਪਣੇ ਗੁਨਾਹ ਕਬੂਲ ਕੀਤੇ ਸਨ। ਉਨ੍ਹਾਂ ਕਿਹਾ ਕਿ ਪੰਥਕ ਰਿਵਾਇਤਾਂ ਅਨੁਸਾਰ ਗੁਰੂ ਦੀ ਹਾਜ਼ਰੀ ਵਿੱਚ ਮਾਈਕ ਫੜ ਕੇ ਗਲਤੀਆਂ ਮੰਨਣ ਤੋਂ ਬਾਅਦ ਹੁਣ ਇਸ ਨੂੰ ਸਾਜ਼ਿਸ਼ ਦੱਸਣਾ ਸਰਵੋਚ ਸੰਸਥਾ ਦੀ ਮਰਿਆਦਾ 'ਤੇ ਸਵਾਲ ਖੜ੍ਹੇ ਕਰਨ ਦੇ ਬਰਾਬਰ ਹੈ। ਗਿਆਨੀ ਰਘਬੀਰ ਸਿੰਘ ਮੁਤਾਬਕ ਸੁਖਬੀਰ ਬਾਦਲ ਦਾ ਤਾਜ਼ਾ ਬਿਆਨ ਸਿੱਖ ਪਰੰਪਰਾਵਾਂ ਨੂੰ ਗੰਭੀਰ ਸੱਟ ਮਾਰਨ ਵਾਲਾ ਹੈ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਨੇ ਬਿਨਾਂ ਨਾਮ ਲਏ ਸਾਬਕਾ ਜਥੇਦਾਰ 'ਤੇ ਤਿੱਖੇ ਹਮਲੇ ਕੀਤੇ ਸਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸੇਵਾ ਦੌਰਾਨ ਉਨ੍ਹਾਂ ਦੀ ਸੁਰੱਖਿਆ ਜਾਣਬੁੱਝ ਕੇ ਹਟਾਈ ਗਈ ਸੀ ਤਾਂ ਜੋ ਉਨ੍ਹਾਂ 'ਤੇ ਹਮਲਾ ਹੋ ਸਕੇ। ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੀ ਡਿਓੜੀ ਬਾਹਰ ਲਗਾਈ ਗਈ ਸੇਵਾ ਨੂੰ ਵੀ ਇੱਕ ਵਿਉਂਤਬੱਧ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਸੀ, ਜਿਸ ਦੌਰਾਨ ਉਨ੍ਹਾਂ 'ਤੇ ਗੋਲੀਬਾਰੀ ਦੀ ਕੋਸ਼ਿਸ਼ ਵੀ ਹੋਈ ਸੀ।


ਗਿਆਨੀ ਰਘਬੀਰ ਸਿੰਘ ਨੇ ਕਿਹਾ, "ਜੇਕਰ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਫੈਸਲਾ ਗਲਤ ਸੀ, ਤਾਂ ਉਹ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ। ਸੰਗਤ ਦੇ ਸਾਹਮਣੇ ਸੱਚਾਈ ਰੱਖੀ ਜਾਵੇ।" ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੰਥ ਨੂੰ ਲੱਗਦਾ ਹੈ ਕਿ ਫੈਸਲੇ ਵਿੱਚ ਕੋਈ ਗਲਤੀ ਹੋਈ ਹੈ, ਤਾਂ ਉਹ (ਗਿਆਨੀ ਰਘਬੀਰ ਸਿੰਘ) ਖੁਦ ਪੰਥ ਵੱਲੋਂ ਦਿੱਤੀ ਜਾਣ ਵਾਲੀ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ।


ਇਸ ਜਵਾਬੀ ਹਮਲੇ ਤੋਂ ਬਾਅਦ ਹੁਣ ਸਿੱਖ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿ ਕੀ ਸੁਖਬੀਰ ਬਾਦਲ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਮੁੜ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਜਾਂ ਨਹੀਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.