ਤਾਜਾ ਖਬਰਾਂ
ਕੰਬੋਜ ਫਾਊਂਡੇਸ਼ਨ (KF) ਦੇ ਇੱਕ ਉੱਚ ਪੱਧਰੀ ਅਤੇ ਪ੍ਰਤਿਭਾਸ਼ਾਲੀ ਪ੍ਰਤੀਨਿਧ ਮੰਡਲ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਡੈਲੀਗੇਸ਼ਨ ਵਿੱਚ ਡਾ. ਸੰਦੀਪ ਸਿੰਘ ਕੌੜਾ, ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਜੱਜ ਜਗਦੀਪ ਮਾਰੋਕ ਸਮੇਤ ਕੰਬੋਜ ਫਾਊਂਡੇਸ਼ਨ ਦੇ ਪ੍ਰਧਾਨ, ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਪ੍ਰਧਾਨ, ਸੈਕਟਰੀ ਜਨਰਲ, ਖਜ਼ਾਨਚੀ ਅਤੇ ਕਰੀਬ 20 ਕਾਰਜਕਾਰੀ ਮੈਂਬਰ ਸ਼ਾਮਲ ਸਨ।
ਮੀਟਿੰਗ ਦੌਰਾਨ ਡੈਲੀਗੇਸ਼ਨ ਵੱਲੋਂ ਇੱਕ ਵਿਸਥਾਰਪੂਰਵਕ ਮੈਮੋਰੈਂਡਮ ਪੇਸ਼ ਕੀਤਾ ਗਿਆ, ਜਿਸ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੁਨਾਮ ਊਧਮ ਸਿੰਘ ਵਾਲਾ ਵਿੱਚ ਬੁਲਾਇਆ ਜਾਵੇ। ਇਸ ਸੈਸ਼ਨ ਵਿੱਚ 'ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ' (USSSDEU) ਦੀ ਕਾਨੂੰਨੀ ਸਥਾਪਨਾ ਦਾ ਐਲਾਨ ਕਰਨ ਦੀ ਮੰਗ ਉਠਾਈ ਗਈ।
ਇਹ ਯੂਨੀਵਰਸਿਟੀ ਪੰਜਾਬ ਸਰਕਾਰ ਅਤੇ ਕੰਬੋਜ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ ਦੇ ਸਹਿਯੋਗ ਨਾਲ ਇੱਕ ਸਾਂਝਾ ਉਪਰਾਲਾ ਹੈ। ਇਸ ਪ੍ਰੋਜੈਕਟ ਨੂੰ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਇੱਕ ਜੀਵੰਤ ਸ਼ਰਧਾਂਜਲੀ ਵਜੋਂ ਵੇਖਿਆ ਜਾ ਰਿਹਾ ਹੈ।
ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਨੀਂਹ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ਨਾਲ ਜੋੜ ਕੇ ਰੱਖੀ ਜਾਵੇਗੀ, ਜਿਸ ਨਾਲ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਇਤਿਹਾਸਕ ਮਹੱਤਵ ਮਿਲੇਗਾ। ਇਸ ਦੇ ਨਾਲ ਹੀ ਕਾਨੂੰਨ ਪਾਸ ਹੋਣ ਤੋਂ ਬਾਅਦ ਯੂਨੀਵਰਸਿਟੀ ਦਾ ਪਹਿਲਾ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਗਈ।
ਡੈਲੀਗੇਸ਼ਨ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਵਿਸ਼ਵ ਪੱਧਰ ਦੀ ਅਜਿਹੀ ਸੰਸਥਾ ਹੋਵੇਗੀ, ਜਿੱਥੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਵਿਹਾਰਕ (ਪ੍ਰੈਕਟਿਕਲ) ਹੁਨਰਾਂ ਦੀ ਸਿੱਖਿਆ ਦੇ ਕੇ ਦੇਸ਼ ਅਤੇ ਵਿਦੇਸ਼ ਵਿੱਚ ਰੋਜ਼ਗਾਰ ਯੋਗ ਬਣਾਇਆ ਜਾਵੇਗਾ। ਇਸ ਯੂਨੀਵਰਸਿਟੀ ਤੋਂ ਨਿਕਲਣ ਵਾਲੇ ਨੌਜਵਾਨ ਨਾ ਕੇਵਲ ਆਪਣੇ ਲਈ ਰੋਜ਼ਗਾਰ ਲੱਭਣਗੇ, ਸਗੋਂ ਹੋਰਾਂ ਨੂੰ ਵੀ ਰੋਜ਼ਗਾਰ ਦੇਣ ਦੇ ਯੋਗ ਹੋਣਗੇ।
ਫੀਸ ਦੇ ਢਾਂਚੇ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਕੁਝ ਵਿਦਿਆਰਥੀਆਂ ਦੀ ਫੀਸ ਉਦਯੋਗ ਜਗਤ (ਇੰਡਸਟਰੀ) ਵੱਲੋਂ ਭਰੀ ਜਾਵੇਗੀ, ਕੁਝ ਦੀ ਫੀਸ ਸਰਕਾਰ ਦੇ ਸਕਿੱਲ ਡਿਵੈਲਪਮੈਂਟ ਵਿਭਾਗ ਵੱਲੋਂ ਉਠਾਈ ਜਾਵੇਗੀ, ਜਦਕਿ ਬਾਕੀ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਰਾਹੀਂ ਸਹੂਲਤ ਦਿੱਤੀ ਜਾਵੇਗੀ।
Get all latest content delivered to your email a few times a month.