ਤਾਜਾ ਖਬਰਾਂ
ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਭਾਵੇਂ ਪੰਜਾਬ ਕਿੰਗਜ਼ ਨੇ ਮੇਜ਼ਬਾਨ ਟੀਮ ਨੂੰ 5 ਵਿਕਟਾਂ ਨਾਲ ਮਾਤ ਦੇ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਪਰ ਮੈਦਾਨ ਦੇ ਬਾਹਰ ਟੀਮ ਲਈ ਨਾਮੋਸ਼ੀ ਵਾਲੀ ਖ਼ਬਰ ਆਈ ਹੈ। ਬੀਸੀਸੀਆਈ (BCCI) ਨੇ ਹੌਲੀ ਓਵਰ ਗਤੀ (Slow Over-Rate) ਦੇ ਚਲਦਿਆਂ ਕਪਤਾਨ ਸ਼੍ਰੇਅਸ ਅਈਅਰ ਅਤੇ ਪੂਰੀ ਟੀਮ 'ਤੇ ਭਾਰੀ ਜੁਰਮਾਨਾ ਠੋਕ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਸ਼੍ਰੇਅਸ ਅਈਅਰ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਵਾਰ ਇਸ ਗਲਤੀ ਦੇ ਦੋਸ਼ੀ ਪਾਏ ਗਏ ਹਨ।
ਆਈਪੀਐਲ ਦੇ ਅਧਿਕਾਰਤ ਬਿਆਨ ਅਨੁਸਾਰ, ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇ ਗਏ ਮੈਚ ਵਿੱਚ ਪੰਜਾਬ ਦੀ ਟੀਮ ਨਿਰਧਾਰਤ ਸਮੇਂ ਅੰਦਰ ਆਪਣੇ ਓਵਰ ਪੂਰੇ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਵਿਰੁੱਧ ਹੋਏ ਮੁਕਾਬਲੇ ਵਿੱਚ ਵੀ ਅਜਿਹੀ ਹੀ ਲਾਪਰਵਾਹੀ ਸਾਹਮਣੇ ਆਈ ਸੀ, ਜਿਸ ਕਾਰਨ ਅਈਅਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ ਸੀ। ਪਰ ਦੂਜੀ ਵਾਰ ਗਲਤੀ ਦੁਹਰਾਉਣ ਕਾਰਨ ਹੁਣ ਸਜ਼ਾ ਹੋਰ ਸਖ਼ਤ ਕਰ ਦਿੱਤੀ ਗਈ ਹੈ।
ਆਈਪੀਐਲ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਹੋਈ ਕਾਰਵਾਈ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਕਪਤਾਨ ਸ਼੍ਰੇਅਸ ਅਈਅਰ: 24 ਲੱਖ ਰੁਪਏ ਦਾ ਜੁਰਮਾਨਾ।
ਬਾਕੀ ਖਿਡਾਰੀ (ਇੰਪੈਕਟ ਪਲੇਅਰ ਸਮੇਤ): 6 ਲੱਖ ਰੁਪਏ ਜਾਂ ਮੈਚ ਫੀਸ ਦਾ 25 ਫੀਸਦੀ (ਜੋ ਵੀ ਘੱਟ ਹੋਵੇ)।
ਜੇਕਰ ਪੰਜਾਬ ਦੀ ਟੀਮ ਇਸ ਸੀਜ਼ਨ ਵਿੱਚ ਤੀਜੀ ਵਾਰ ਸਲੋਅ ਓਵਰ-ਰੇਟ ਦੀ ਦੋਸ਼ੀ ਪਾਈ ਜਾਂਦੀ ਹੈ, ਤਾਂ ਕਪਤਾਨ 'ਤੇ ਜੁਰਮਾਨਾ ਵਧ ਕੇ 30 ਲੱਖ ਰੁਪਏ ਹੋ ਜਾਵੇਗਾ। ਹਾਲਾਂਕਿ, ਨਵੇਂ ਨਿਯਮਾਂ ਅਨੁਸਾਰ ਹੁਣ ਕਪਤਾਨ 'ਤੇ ਮੈਚ ਦੀ ਪਾਬੰਦੀ ਲਗਾਉਣ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ ਹੈ, ਜੋ ਕਿ ਅਈਅਰ ਲਈ ਇੱਕ ਮਾਮੂਲੀ ਰਾਹਤ ਦੀ ਖ਼ਬਰ ਹੈ।
Get all latest content delivered to your email a few times a month.