ਤਾਜਾ ਖਬਰਾਂ
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਪਿੰਡ ਨੂੰ ਗਮ ਵਿੱਚ ਡੁੱਬੋ ਦਿੱਤਾ। ਰਸੂਲਪੁਰ ਪਿੰਡ ਦੇ ਬਕਾਪੁਰ ਖੇਡ ਮੈਦਾਨ ਵਿੱਚ ਕੁਝ ਨੌਜਵਾਨ ਬੱਚੇ ਕ੍ਰਿਕਟ ਖੇਡ ਰਹੇ ਸਨ ਕਿ ਅਚਾਨਕ ਮੌਸਮ ਨੇ ਰੁਖ ਬਦਲ ਲਿਆ। ਬੱਦਲਾਂ ਦੀ ਗਰਜ ਅਤੇ ਬਿਜਲੀ ਦੀ ਚਮਕ ਦੇ ਬਾਵਜੂਦ ਬੱਚਿਆਂ ਨੇ ਖੇਡ ਜਾਰੀ ਰੱਖੀ, ਪਰ ਕੁਝ ਪਲਾਂ ਵਿੱਚ ਹੀ ਕੁਦਰਤ ਨੇ ਖੌਫਨਾਕ ਰੂਪ ਧਾਰ ਲਿਆ ਅਤੇ ਆਸਮਾਨੀ ਬਿਜਲੀ ਸਿੱਧੀ ਮੈਦਾਨ ਵਿੱਚ ਆ ਡਿੱਗੀ।
ਇਸ ਭਿਆਨਕ ਹਾਦਸੇ ਵਿੱਚ 16 ਸਾਲਾ ਤਰਨਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਦੋ ਸਾਥੀ ਅੰਸ਼ਪ੍ਰੀਤ ਅਤੇ ਜੱਸੀ ਲੋਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਸ ਅਚਾਨਕ ਵਾਪਰੇ ਹਾਦਸੇ ਨਾਲ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਰਲੀਆਂ ਹੀ ਹੁੰਦੀਆਂ ਹਨ, ਜਿਸ ਕਾਰਨ ਇਸ ਮਾਮਲੇ ਨੇ ਲੋਕਾਂ ਨੂੰ ਹੋਰ ਵੀ ਡਰਾ ਦਿੱਤਾ ਹੈ। ਆਮ ਤੌਰ ‘ਤੇ ਆਸਮਾਨੀ ਬਿਜਲੀ ਨਾਲ ਮੌਤਾਂ ਦੀਆਂ ਖਬਰਾਂ ਉੱਤਰ ਪ੍ਰਦੇਸ਼ ਜਾਂ ਬਿਹਾਰ ਤੋਂ ਵੱਧ ਆਉਂਦੀਆਂ ਹਨ, ਪਰ ਹੁਣ ਪੰਜਾਬ ਵਿੱਚ ਵੀ ਐਸੀ ਘਟਨਾ ਸਾਹਮਣੇ ਆਉਣ ਨਾਲ ਲੋਕਾਂ ਵਿੱਚ ਸਹਿਮ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
Get all latest content delivered to your email a few times a month.