ਤਾਜਾ ਖਬਰਾਂ
ਚੰਡੀਗੜ੍ਹ ਨਗਰ ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਹੋਏ 118 ਕਰੋੜ ਰੁਪਏ ਦੇ ਜਾਅਲੀ ਐਫ.ਡੀ. (FD) ਘਪਲੇ ਵਿੱਚ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਯੂ.ਟੀ. ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰੋਜੈਕਟ ਦੀ ਚੀਫ਼ ਫਾਈਨਾਂਸ਼ੀਅਲ ਅਫ਼ਸਰ (CFO) ਨਲਿਨੀ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ਹੋਏ ਖੁਲਾਸਿਆਂ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ।
ਅਦਾਲਤ ਵਿੱਚ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਨਲਿਨੀ ਮਲਿਕ ਦੇ ਰਿਸ਼ਵਤਖੋਰੀ ਵਿੱਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਮਿਲੇ ਹਨ। ਦੋਸ਼ ਹੈ ਕਿ ਨਲਿਨੀ ਨੇ ਆਈ.ਡੀ.ਐਫ.ਸੀ. (IDFC) ਬੈਂਕ ਦੇ ਸਾਬਕਾ ਮੈਨੇਜਰ ਰਿਭਵ ਰਿਸ਼ੀ ਰਾਹੀਂ 50 ਕਰੋੜ ਰੁਪਏ ਨਕਦ ਅਤੇ ਲੱਖਾਂ ਰੁਪਏ ਆਪਣੇ ਨਿੱਜੀ ਬੈਂਕ ਖਾਤੇ ਵਿੱਚ ਪ੍ਰਾਪਤ ਕੀਤੇ ਹਨ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਤੋਂ ਬਾਅਦ ਮੁਲਜ਼ਮ CFO ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਘਪਲੇ ਦੀ ਰਕਮ ਬਰਾਮਦ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਸਮਾਰਟ ਸਿਟੀ ਦੇ ਨਾਲ-ਨਾਲ 'ਕ੍ਰੈਸਟ' (CREST) ਵਿੱਚ ਹੋਏ 85 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਵੀ ਤੇਜ਼ ਹੋ ਗਈ ਹੈ। ਪੁਲਿਸ ਮੁੱਖ ਮੁਲਜ਼ਮ ਅਤੇ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਨੂੰ ਲੈ ਕੇ ਨੋਇਡਾ ਪਹੁੰਚੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੈੱਲ ਕੰਪਨੀਆਂ ਰਾਹੀਂ ਘਪਲੇ ਦਾ ਪੈਸਾ ਨੋਇਡਾ ਨਿਵਾਸੀ ਦੀਪਕ ਦੇ ਖਾਤੇ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਸੁਖਵਿੰਦਰ ਦੇ ਇਸ਼ਾਰੇ 'ਤੇ ਦੀਪਕ ਦੇ ਖਾਤੇ ਵਿੱਚ 2 ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਗਈ ਸੀ।
ਚੰਡੀਗੜ੍ਹ ਦੇ ਸਰਕਾਰੀ ਖ਼ਜ਼ਾਨੇ ਵਿੱਚ ਹੋਈ ਇਸ ਵੱਡੀ ਸੰਨ੍ਹ ਦੀ ਗੂੰਜ ਹੁਣ ਦੇਸ਼ ਦੀ ਸੰਸਦ ਵਿੱਚ ਵੀ ਸੁਣਾਈ ਦਿੱਤੀ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਇਹ ਮੁੱਦਾ ਚੁੱਕਦਿਆਂ ਇਸ ਨੂੰ ਪ੍ਰਸ਼ਾਸਨਿਕ ਨਾਕਾਮੀ ਕਰਾਰ ਦਿੱਤਾ। ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ (RBI) ਦੀ ਭੂਮਿਕਾ 'ਤੇ ਸਵਾਲ ਉਠਾਉਂਦਿਆਂ ਮੰਗ ਕੀਤੀ ਕਿ ਇਸ ਮਹਾਂ-ਘਪਲੇ ਵਿੱਚ ਸ਼ਾਮਲ ਉੱਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਜੋ ਜਨਤਾ ਦੇ ਟੈਕਸ ਦਾ ਪੈਸਾ ਸੁਰੱਖਿਅਤ ਰਹਿ ਸਕੇ।
ਪੁਲਿਸ ਨੇ ਨਲਿਨੀ ਮਲਿਕ ਦੀ ਭੈਣ ਦੇ ਘਰੋਂ ਮਹਿੰਗੀ ਕਾਰ, ਲੈਪਟਾਪ, ਪੈੱਨ ਡਰਾਈਵ ਅਤੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
Get all latest content delivered to your email a few times a month.